ਸਰੀ ਸਿਵਿਕ ਚੋਣਾਂ ’ਚ ਪੰਜਾਬੀ ਮੂਲ ਦੇ 30 ਉਮੀਦਵਾਰ ਮੈਦਾਨ ’ਚ

71
Share

ਐੱਮ.ਪੀ. ਸੁੱਖ ਧਾਲੀਵਾਲ ਅਤੇ ਐੱਮ.ਐੱਲ.ਏ. ਜਿੰਨੀ ਸਿਮਸ ਮੇਅਰ ਦੀ ਦੌੜ ’ਚ ਸ਼ਾਮਲ
ਸਰੀ, 24 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- 15 ਅਕਤੂਬਰ ਨੂੰ ਹੋ ਰਹੀਆਂ ਸਰੀ ਸਿਵਿਕ ਚੋਣਾਂ ਵਿਚ ਕੁੱਲ 84 ਉਮੀਦਵਾਰ ਮੈਦਾਨ ’ਚ ਹਨ, ਜਿਨ੍ਹਾਂ ਵਿਚ ਮੇਅਰ ਦੇ ਅਹੁਦੇ ਲਈ 8 ਉਮੀਦਵਾਰ, ਕੌਂਸਲਰ ਲਈ 56 ਉਮੀਦਵਾਰ ਅਤੇ ਸਕੂਲ ਟਰੱਸਟੀ ਲਈ 20 ਉਮੀਦਵਾਰ ਹਨ। ਇਨ੍ਹਾਂ ਵਿਚੋਂ 16 ਉਮੀਦਵਾਰ ਆਜ਼ਾਦ ਹਨ। ਦੱਸਣਯੋਗ ਹੈ ਕਿ ਇਨ੍ਹਾਂ ਵਿਚੋਂ ਇੱਕ ਮੇਅਰ, 8 ਕੌਂਸਲਰ ਅਤੇ 7 ਟਰੱਸਟੀ ਚੁਣੇ ਜਾਣੇ ਹਨ। ਮੇਅਰ ਦੀ ਚੋਣ ਲੜਨ ਵਾਲਿਆਂ ’ਚ ਪੰਜਾਬੀ ਮੂਲ ਦੇ 4 ਉਮੀਦਵਾਰ ਹਨ, ਜਦੋਂਕਿ ਪੰਜਾਬੀ ਮੂਲ ਦੇ 21 ਉਮੀਦਵਾਰ ਕੌਂਸਲਰ ਦੀ ਚੋਣ ਲੜ ਰਹੇ ਹਨ ਅਤੇ 5 ਉਮੀਦਵਾਰ ਸਕੂਲ ਟਰੱਸਟੀ ਦੇ ਚੋਣ ਮੈਦਾਨ ਵਿਚ ਹਨ।
ਮੇਅਰ ਦੀ ਵੱਕਾਰੀ ਕੁਰਸੀ ਹਥਿਆਉਣ ਦੀ ਦੌੜ ਵਿਚ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਐੱਮ.ਐੱਲ.ਏ. ਜਿੰਨੀ ਸਿਮਸ, ਅੰਮਿ੍ਰਤ ਬਿੜਿੰਗ ਅਤੇ ਕੁਲਦੀਪ ਪੇਲੀਆ ਤੋਂ ਇਲਾਵਾ ਮੌਜੂਦਾ ਮੇਅਰ ਡੱਗ ਮੈਕੱਲਮ, ਗੋਰਡੀ ਹੌਗ, ਬਰੈਂਡਾ ਲੌਕ ਅਤੇ ਜੌਹਨ ਵੋਲੰਸਕੀ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ ਕੁਲਦੀਪ ਪੇਲੀਆ ਅਤੇ ਜੌਹਨ ਵੋਲੰਸਕੀ ਆਜ਼ਾਦ ਉਮੀਦਵਾਰ ਹਨ।
ਕੌਂਸਲਰ ਲਈ ਚੋਣ ਮੈਦਾਨ ’ਚ ਉਤਰਨ ਵਾਲੇ ਪੰਜਾਬੀ ਮੂਲ ਦੇ ਉਮੀਦਵਾਰਾਂ ’ਚ ਮੌਜੂਦਾ ਕੌਂਸਲਰ ਮਨਦੀਪ ਨਾਗਰਾ, ਜਸਬੀਰ ਸੰਧੂ, ਹੈਰੀ ਬੈਂਸ, ਸ਼ਵੇਤਾ ਬੱਸੀ, ਤੇਜਨੂਰ ਸਿੰਘ ਚੀਮਾ, ਸਰਘੀ ਚੀਮਾ, ਨਵ ਧਨੋਆ, ਐਂਡੀ ਢਿੱਲੋਂ, ਰੀਨਾ ਗਿੱਲ, ਕਿਰਨ ਹੁੰਦਲ, ਰਮਨ ਜੱਸੜ, ਪਰਦੀਪ ਕੌਰ ਕੂਨਰ, ਪਰਮਜੀਤ ਸਿੰਘ ਮੱਲ੍ਹੀ, ਅਰਸ਼ ਮੰਡੇਰ, ਅਜੀਤ ਮਹਿਤ, ਮਨਦੀਪ ਨਾਗਰਾ, ਕੈਮ ਪਵਾਰ, ਮਨਜੀਤ ਸਿੰਘ ਸਹੋਤਾ, ਕੁਲਵਿੰਦਰ ਸੈਣੀ, ਪ੍ਰੀਤ ਸੰਧੂ, ਕੁਲਤਾਰ ਸਿੰਘ ਅਤੇ ਜੋਡੀ ਤੂਰ ਸ਼ਾਮਲ ਹਨ।
ਸਕੂਲ ਟਰੱਸਟੀ ਲਈ ਪੰਜਾਬੀ ਉਮੀਦਵਾਰਾਂ ’ਚ ਡਾ. ਜਸਬੀਰ ਨਰਵਾਲ, ਡਾ. ਬਲਬੀਰ ਗੁਰਮ, ਸੰਨੀ ਮਾਂਗਟ, ਦੁਪਿੰਦਰ ਕੌਰ ਸਰਾਂ ਅਤੇ ਗੈਰੀ ਥਿੰਦ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸਰੀ ਸਿਟੀ ਦੀਆਂ 2018 ਦੀਆਂ ਸਿਵਿਕ ਚੋਣਾਂ ’ਚ 83 ਉਮੀਦਵਾਰਾਂ ਨੇ ਚੋਣ ਲੜੀ ਸੀ ਅਤੇ ਉਦੋਂ ਵੀ ਮੇਅਰ ਦੀ ਚੋਣ ਲਈ 8 ਉਮੀਦਵਾਰ ਸਨ, ਕੌਂਸਲਰਾਂ ਦੀ ਚੋਣ ਲਈ 48 ਅਤੇ ਸਕੂਲ ਟਰੱਸਟੀ ਲਈ 27 ਉਮੀਦਵਾਰ ਮੈਦਾਨ ਵਿਚ ਸਨ।

Share