ਸਰੀ ਵਿਚ ਪਹਿਲੀ ਗੈਰ-ਲਾਭਕਾਰੀ ਸੰਸਥਾ ‘ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼’ ਦਾ ਉਦਘਾਟਨ

56
Share

ਸਿੱਖ ਸਟੱਡੀਜ਼ ਡਿਪਲੋਮਾ, ਪੰਜਾਬੀ ਸਟੱਡੀਜ਼ ਸਰਟੀਫਿਕੇਟ ਅਤੇ ਗੁਰਮਤਿ ਸੰਗੀਤ ਡਿਪਲੋਮਾ ਲਈ ਰਜਿਸਟਰੇਸ਼ਨ ਸ਼ੁਰੂ
ਸਰੀ, 19 ਮਈ (ਹਰਦਮ ਮਾਨ/ਪੰਜਾਬ ਮੇਲ)-ਸਿੱਖ ਦਰਸ਼ਨ, ਇਤਿਹਾਸ, ਸਾਹਿਤ, ਸੱਭਿਆਚਾਰ ਅਤੇ ਭਗਤੀ ਸੰਗੀਤ ‘ਤੇ ਖੋਜ ਅਤੇ ਅਧਿਆਪਨ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਅਕਾਦਮਿਕ ਮਾਹੌਲ ਪ੍ਰਦਾਨ ਕਰਨ ਲਈ ਸਰੀ ਵਿਚ ਔਨਲਾਈਨ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਮੰਗਲਵਾਰ ਨੂੰ ਲਾਂਚ ਕੀਤੀ ਗਈ।
ਇਸ ਸੰਬੰਧ ਵਿਚ ਸਰੀ ਸਿਟੀ ਹਾਲ ਵਿਖੇ ਕਰਵਾਈ ਗਈ ਇੱਕ ਨਿਊਜ਼ ਕਾਨਫਰੰਸ ਵਿਚ ਬੋਲਦਿਆਂ ਜੀਐਨਆਈ ਬੋਰਡ ਦੇ ਚੇਅਰਮੈਨ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਆਪਣੀ ਕਿਸਮ ਦੀ ਇਹ ਪਹਿਲੀ ਗੈਰ-ਲਾਭਕਾਰੀ ਨਿਜੀ ਸਿਖਲਾਈ ਸੰਸਥਾ ਸ਼ਾਖਾ ਹੈ, ਜਿਸ ਦੀ ਸਥਾਪਨਾ 2021 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਵਿਚ ਹੁਣ ਤਿੰਨ ਪ੍ਰੋਗਰਾਮਾਂ, ਸਿੱਖ ਸਟੱਡੀਜ਼ ਡਿਪਲੋਮਾ, ਪੰਜਾਬੀ ਸਟੱਡੀਜ਼ ਸਰਟੀਫਿਕੇਟ ਅਤੇ ਗੁਰਮਤਿ ਸੰਗੀਤ ਡਿਪਲੋਮਾ, ਲਈ ਰਜਿਸਟਰੇਸ਼ਨ ਖੁੱਲ੍ਹੀ ਹੈ। ਇਹ ਸੰਸਥਾ ਸਿਰਫ਼ ਸਿੱਖ ਭਾਈਚਾਰੇ ਲਈ ਨਹੀਂ, ਸਗੋਂ ਸਾਰੇ ਭਾਈਚਾਰਿਆਂ ਦੇ ਲੋਕਾਂ ਦਾ ਇਸ ਵਿਚ ਸਵਾਗਤ ਹੈ, ਭਾਵੇਂ ਉਹ ਕਿਸੇ ਵੀ ਪਿਛੋਕੜ, ਧਰਮ ਜਾਂ ਵਿਸ਼ਵਾਸ ਦੇ ਅਨੁਆਈ ਹੋਣ।
ਸ. ਸੰਧੂ ਨੇ ਇਹ ਵੀ ਕਿਹਾ ਕਿ ਅਸੀਂ ਇਸ ਸੰਸਥਾ ਰਾਹੀਂ ਮਾਨਵਤਾ ਦੀ ਸੇਵਾ ਦੀਆਂ ਕਦਰਾਂ ਕੀਮਤਾਂ, ਅੰਤਰ-ਸੱਭਿਆਚਾਰਕ ਸਮਝ, ਸਿੱਖਣ ਦੀ ਜੀਵਨ ਭਰ ਕੋਸ਼ਿਸ਼, ਆਲੋਚਨਾਤਮਕ ਸੋਚ, ਅਤੇ ਇਸਦੇ ਸਾਰੇ ਰੂਪਾਂ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਫੰਡਿੰਗ ਅਤੇ ਹੋਰ ਵਿੱਤੀ ਰੁਕਾਵਟਾਂ ਨੂੰ ਦੂਰ ਕਰਕੇ ਸਾਰੇ ਸੰਭਾਵੀ ਵਿਦਿਆਰਥੀਆਂ ਤੱਕ ਬਰਾਬਰ ਅਤੇ ਖੁੱਲ੍ਹੀ ਪਹੁੰਚ ਯਕੀਨੀ ਬਣਾਈ ਜਾਵੇਗੀ। ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਵਿੱਤੀ ਸਾਧਨਾਂ ਦੀ ਘਾਟ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਸਿੱਖਿਆ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਸ ਦਰਸ਼ਨ ਦਾ ਸਮਰਥਨ ਕਰਨ ਲਈ ਸਾਡੇ ਕੋਲ ਇੱਕ ਬਹੁਤ ਹੀ ਉਦਾਰ ਸਕਾਲਰਸ਼ਿਪ ਅਤੇ ਬਰਸਰੀ ਨੀਤੀ ਹੈ।
ਸਾਬਕਾ ਉਪ ਸਿੱਖਿਆ ਮੰਤਰੀ ਡੇਵਿਡ ਬਿੰਗ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਪੋਸਟ-ਸੈਕੰਡਰੀ ਸੈਕਟਰ ਵਿੱਚ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਦਾ ਸ਼ਾਮਲ ਹੋਣਾ ਸਾਡੇ ਲਈ ਬਹੁਤ ਹੀ ਉਤਸ਼ਾਹਜਨਕ ਹੈ ਅਤੇ ਇਸ ਨਾਲ ਸਾਡਾ ਸੂਬਾ ਇੱਕ ਹੋਰ ਵਿਭਿੰਨ ਅਤੇ ਸਮਾਵੇਸ਼ੀ ਸਮਾਜ ਬਣੇਗਾ। ਇਹ ਸੰਸਥਾ ਸਥਾਨਕ ਅਤੇ ਗਲੋਬਲ ਸਿਖਿਆਰਥੀਆਂ ਲਈ ਇੱਕ ਬਹੁਤ ਵੱਡਾ ਸਰੋਤ ਹੋਵੇਗੀ ਅਤੇ ਪੋਸਟ-ਸੈਕੰਡਰੀ ਲੈਂਡਸਕੇਪ ਵਿੱਚ ਇੱਕ ਸ਼ਾਨਦਾਰ ਵਾਧਾ ਹੋਵੇਗੀ। ਸਰੀ ਦੇ ਮੇਅਰ ਡੱਗ ਮੈਕਲਮ ਅਤੇ ਸਰੀ ਬੋਰਡ ਆਫ਼ ਟਰੇਡ ਦੇ ਪ੍ਰਧਾਨ ਅਤੇ ਸੀਈਓ ਅਨੀਤਾ ਹਿਊਬਰਮੈਨ ਨੇ ਵੀ ਇਸ ਸੰਸਥਾ ਦੇ ਸ਼ੁਰੂ ਹੋਣ ਦੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬੀ ਸੀ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਵਧਾਈ ਸੰਦੇਸ਼ ਭੇਜੇ ਗਏ।


Share