ਸਰੀ ਵਿਚ ਘਰਾਂ ਦੀ ਉਸਾਰੀ ਵਿਚ ਹੁਣ ਮਨਮਾਨੀਆਂ ਨਹੀਂ ਚੱਲਣਗੀਆਂ

200
Share

ਸਰੀ, 21 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-  ਸਰੀ ਸਿਟੀ ਕੌਂਸਲ ਵੱਲੋਂ ਸ਼ਹਿਰ ਵਿੱਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਰੋਕਣ ਲਈ ਇਕ ਮਤਾ ਪਾਸ ਕੀਤਾ ਗਿਆ ਹੈ ਜਿਸ ਰਾਹੀਂ ਨਾਜਾਇਜ਼ ਉਸਾਰੀ ਕਰਨ ਵਾਲੇ ਲੋਕਾਂ ਨੂੰ ਭਾਰੀ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ।

ਇਹ ਮਤਾ ਕੌਂਸਲਰ ਮਨਦੀਪ ਨਾਗਰਾ ਵੱਲੋਂ ਲਿਆਂਦਾ ਗਿਆ ਜਿਸ ਵਿਚ ਕਿਹਾ ਗਿਆ ਕਿ ਕੌਂਸਲ ਅਧਿਕਾਰੀਆਂ ਵੱਲੋਂ ਵਾਰ ਵਾਰ ਨੋਟਿਸ ਭੇਜਣ ਤੇ ਵੀ ਬਹੁਤ ਸਾਰੇ ਲੋਕ ਕੋਈ ਪ੍ਰਵਾਹ ਨਹੀਂ ਕਰਦੇ ਅਤੇ ਆਪਣੇ ਘਰਾਂ ਵਿਚ ਨਾਜਾਇਜ਼ ਉਸਾਰੀ ਕਰਵਾ ਰਹੇ ਹਨ। ਪਾਸ ਕੀਤੇ ਗਏ ਮਤੇ ਅਨੁਸਾਰ ਬਿਨਾਂ ਪਰਮਿਟ ਉਸਾਰੀ ਕਰਨ ਵਾਲਿਆਂ ਨੂੰ ਹੁਣ 1000 ਡਾਲਰ ਜੁਰਮਾਨਾ ਦੇਣਾ ਪੈ ਸਕਦਾ ਹੈ। ਉਸਾਰੀ ਰੋਕਣ ਦਾ ਨੋਟਿਸ ਮਿਲਣ ਤੋਂ ਬਾਅਦ ਵੀ ਜੇਕਰ ਨਜਾਇਜ਼ ਉਸਾਰੀ ਜਾਰੀ ਰੱਖੀ ਜਾਂਦੀ ਹੈ ਤਾਂ 1000 ਡਾਲਰ ਜੁਰਮਾਨਾ ਰੋਜ਼ਾਨਾ ਵੀ ਹੋ ਸਕਦਾ ਹੈ। ਇਸ ਸੰਬੰਧ ਵਿਚ ਸਿਟੀ ਕੌਂਸਲ ਵੱਲੋਂ ਇਕ ਕਮੇਟੀ ਕਾਇਮ ਕੀਤੀ ਜਾਵੇਗੀ ਜੋ ਸ਼ਹਿਰ ਵਿਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਦੀ ਜਾਂਚ ਪੜਤਾਲ ਕਰਿਆ ਕਰੇਗੀ।

ਜ਼ਿਕਰਯੋਗ ਹੈ ਕਿ ਸਰੀ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਨਾਜਾਇਜ਼ ਬੇਸਮੈਂਟਾਂ ਬਣਾਈਆਂ ਹੋਈਆਂ ਹਨ, ਕਈਆਂ ਨੇ ਆਪਣੇ ਗਰਾਜ ਵੀ ਬੇਸਮੈਂਟ ਵਿਚ ਤਬਦੀਲ ਕੀਤੇ ਹੋਏ ਹਨ, ਬਹੁਤ ਸਾਰੇ ਲੋਕ ਕੌਂਸਲ ਦੀ ਇਨਸਪੈਕਸ਼ਨ ਤੋਂ ਬਾਅਦ ਆਪਣੀ ਮਰਜ਼ੀ ਅਨੁਸਾਰ ਉਸਾਰੀ ਵਿਚ ਵਾਧਾ ਘਾਟਾ ਕਰ ਲੈਂਦੇ ਹਨ। ਬਹੁਤੇ ਲੋਕਾਂ ਨੂੰ ਅਕਸਰ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਸਰੀ ਵਿਚ ਕੌਂਸਲ ਦੇ ਨਿਯਮਾਂ ਨੂੰ ਕੌਣ ਪੁੱਛਦਾ ਹੈ? ਜਦੋਂ ਕਿ ਲਾਗਲੇ ਸ਼ਹਿਰ ਡੈਲਟਾ ਵਿਚ ਨਜਾਇਜ਼ ਉਸਾਰੀ ਕਰਨ ਦੀ ਗੱਲ ਲੋਕ ਸੋਚ ਵੀ ਨਹੀਂ ਸਕਦੇ ਕਿਉਂਕਿ ਉਥੇ ਕੌਂਸਲ ਆਪਣੇ ਨਿਯਮਾਂ ਤੇ ਸਖਤੀ ਨਾਲ ਪਹਿਰਾ ਦਿੰਦੀ ਹੈ।

 ਸਰੀ ਸਿਟੀ ਕੌਂਸਲ ਵੱਲੋਂ ਪਾਸ ਕੀਤੇ ਮਤੇ ਦੇ ਮੱਦੇ-ਨਜ਼ਰ ਹੁਣ ਘਰ ਖ਼ਰੀਦਣ ਸਮੇਂ ਖਰੀਦਦਾਰ ਨੂੰ ਸੁਚੇਤ ਰਹਿਣਾ ਪਵੇਗਾ ਕਿ ਜਿਹੜਾ ਘਰ ਉਹ ਖ਼ਰੀਦ ਰਹੇ ਹਨ ਉਸ ਵਿਚ ਕਿਤੇ ਕੋਈ ਨਾਜਾਇਜ਼ ਉਸਾਰੀ ਤਾਂ ਨਹੀਂ ਕਿਉਂਕਿ ਜੇਕਰ ਨਾਜਾਇਜ਼ ਉਸਾਰੀ ਹੋਈ ਤਾਂ ਇਸ ਦਾ ਹਰਜਾਨਾ ਉਨ੍ਹਾਂ ਨੂੰ ਅਦਾ ਕਰਨਾ ਪੈ ਸਕਦਾ ਹੈ 


Share