ਸਰੀ ਵਿਖੇ ਪੰਜਾਬੀ ਨੌਜਵਾਨ ਦੀ ਕੋਰੋਨਾ ਵਾਇਰਸ ਕਾਰਨ ਮੌਤ

533
Share

ਸਰੀ, 9 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ਦੇ ਸਰੀ ਸ਼ਹਿਰ ਵਿਚ 23 ਸਾਲ ਦੇ ਰਮਨਜੀਤ ਸਿੰਘ ਦੀ ਕਥਿਤ ਤੌਰ ‘ਤੇ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਰਮਨਜੀਤ ਸਿੰਘ ਨੂੰ ਸਾਹ ਲੈਣ ਵਿਚ ਤਕਲੀਫ਼ ਕਾਰਨ 3 ਅਪ੍ਰੈਲ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਬਰੇਨ ਡੈੱਡ ਕਰਾਰ ਦੇ ਦਿਤਾ। ਫਿਰ 6 ਅਪ੍ਰੈਲ ਨੂੰ ਉਸ ਦੇ ਦਿਲ ਦੀ ਧੜਕਣ ਵੀ ਰੁਕ ਗਈ ਅਤੇ ਵੈਂਟੀਲੇਟਰ ਹਟਾ ਦਿਤਾ ਗਿਆ।  ਰਮਨਜੀਤ ਸਿੰਘ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਅਤੇ ਕੈਨੇਡਾ ਵਿਚ ਉਸ ਦਾ ਕੋਈ ਪਰਵਾਰ ਮੈਂਬਰ ਜਾਂ ਰਿਸ਼ਤੇਦਾਰ ਵੀ ਮੌਜੂਦ ਨਹੀਂ। ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਇੰਟਰਨੈਸ਼ਨਲ ਫ਼ਲਾਈਟਸ ‘ਤੇ ਪਾਬੰਦੀ ਲੱਗੀ ਹੋਈ ਹੈ ਅਤੇ ਐਮਰਜੰਸੀ ਫ਼ਲਾਈਟਸ ਵਿਚ ਸਿਰਫ਼ ਕੈਨੇਡੀਅਨ ਸਿਟੀਜ਼ਨਜ਼ ਨੂੰ ਲਿਆਂਦਾ ਜਾ ਰਿਹਾ ਹੈ। ਇਥੋਂ ਤੱਕ ਕਿ ਕੈਨੇਡਾ ਦੇ ਪੀ.ਆਰ. ਵੀ ਪੰਜਾਬ ਵਿਚ ਫਸੇ ਹੋਏ ਹਨ। ਅਜਿਹੇ ਵਿਚ ਰਮਨਜੀਤ ਸਿੰਘ ਦਾ ਕੋਈ ਪਰਵਾਰਕ ਮੈਂਬਰ ਕੈਨੇਡਾ ਨਹੀਂ ਆ ਸਕਦਾ ਅਤੇ ਨਾ ਹੀ ਉਸ ਦੀ ਦੇਹ ਭਾਰਤ ਭੇਜਣੀ ਸੰਭਵ ਹੈ। ਦੱਸ ਦੇਈਏ ਕਿ ਰਮਨਜੀਤ ਸਿੰਘ ਆਪਣਾ ਵੀਜ਼ਾ ਨਵਿਆਉਣ ਦੇ ਯਤਨ ਕਰ ਰਿਹਾ ਸੀ ਪਰ ਇਸੇ ਦਰਮਿਆਨ ਭਾਣਾ ਵਾਪਰ ਗਿਆ ਜਿਸ ਦੇ ਸਿੱਟੇ ਵਜੋਂ ਉਹ ਸਰਕਾਰੀ ਤੌਰ ‘ਤੇ ਮੈਡੀਕਲ ਸਹਾਇਤਾ ਦੇ ਯੋਗ ਨਹੀਂ ਮੰਨਿਆ ਗਿਆ।


Share