ਸਰੀ ਵਿਖੇ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

312
Share

ਸਰੀ, 12 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਵਿਸ਼ਵ ਪ੍ਰਸਿੱਧ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ’ਤੇ ਵੈਨਕੂਵਰ ਵਿਚਾਰ ਮੰਚ ਅਤੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਇਕ ਵਿਸ਼ੇਸ਼ ਬੈਠਕ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਗਿਆ। ਪੰਜਾਬੀ ਸਾਹਿਤ ਦੇ ਸਮੂਹ ਹਿਤੈਸ਼ੀਆਂ ਨੂੰ ਗੁਰਦਿਆਲ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਉਨ੍ਹਾਂ ਨਾਲ ਆਪਣੀ ਯਾਦਾਂ ਤਾਜ਼ਾ ਕੀਤੀਆਂ ਅਤੇ ਦੱਸਿਆ ਕਿ ਉਸ ਸਮੇਂ ਲਿਖਾਰੀ ਸਭਾ ਬਰਨਾਲਾ ਦੇ ਉਹ ਵੀ ਮੈਂਬਰ ਸਨ ਅਤੇ ਗੁਰਦਿਆਲ ਸਿੰਘ ਵੀ ਉਨ੍ਹਾਂ ਦੇ ਮੈਂਬਰ ਸਨ। ਉਥੇ ਬਹੁਤ ਵੱਡੇ-ਵੱਡੇ ਸਾਹਿਤਕਾਰ ਆਉਂਦੇ ਸਨ। ਉਨ੍ਹਾਂ ਕਿਹਾ ਗੁਰਦਿਆਲ ਸਿੰਘ ਨੇ ਪੰਜਾਬੀ ਸਾਹਿਤ ਨੂੰ ਆਮ ਲੋਕਾਂ ਦਾ ਸਾਹਿਤ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ ਅਤੇ ਪੰਜਾਬੀ ਨਾਵਲ ਨੂੰ ਵਿਸ਼ੇਸ਼ ਮੋੜ ਦਿੱਤਾ। ਸ਼ੁਰੂ ਵਿਚ ਉਨ੍ਹਾਂ ਨੇ ਕੁਝ ਕਵਿਤਾਵਾਂ ਵੀ ਲਿਖੀਆਂ ਅਤੇ ਉਹ ਗੁਰਦਿਆਲ ਸਿੰਘ ਰਾਹੀ ਦੇ ਨਾਂ ’ਤੇ ਪ੍ਰਕਾਸ਼ਿਤ ਹੋਈਆਂ ਪਰ ‘‘ਮੜ੍ਹੀ ਦਾ ਦੀਵਾ’’ ਪ੍ਰਕਾਸ਼ਿਤ ਹੋਣ ਉਪਰੰਤ ਦੇ ਉਨ੍ਹਾਂ ਦੇ ਨਾਮ ਨਾਲ ‘‘ਮੜੀ ਦਾ ਦੀਵਾ’’ ਜੁੜ ਗਿਆ।
ਹਰਦਮ ਸਿੰਘ ਮਾਨ ਨੇ ਉਨ੍ਹਾਂ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰਦਿਆਲ ਸਿੰਘ ਦੀ ਸਾਹਿਤਕ ਬੁੱਕਲ ਮਾਨਣ ਦਾ ਫ਼ਖ਼ਰ ਹਾਸਲ ਹੈ। ਉਹ ਬਹੁਤ ਹੀ ਦਰਵੇਸ਼ ਇਨਸਾਨ, ਵੱਡੇ ਵਿਦਵਾਨ, ਚਿੰਤਕ ਅਤੇ ਸਾਹਿਤਕਾਰ ਸਨ, ਜਿਨ੍ਹਾਂ ਪੰਜਾਬੀ ਸਾਹਿਤ ਨੂੰ ਵਿਸ਼ਵ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ। ਉਨ੍ਹਾਂ ਦਾ ਜੀਵਨ ਬੇਹੱਦ ਸੰਘਰਸ਼ਮਈ ਰਿਹਾ। ਉਨ੍ਹਾਂ ਨੇ ਦਸ ਨਾਵਲਾਂ, ਦਸ ਕਹਾਣੀ ਸੰਗ੍ਰਹਾਂ, ਤਿੰਨ ਨਾਟਕਾਂ ਤੇ ਦਸ ਬਾਲ ਪੁਸਤਕਾਂ ਦੇ ਯੋਗਦਾਨ ਰਾਹੀਂ ਪੰਜਾਬੀ ਸਾਹਿਤ ਸਾਹਿਤ ਨੂੰ ਮਾਲੋਮਾਲ ਕੀਤਾ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਸਾਹਿਤ ਦੇ ਵੱਡੇ-ਵੱਡੇ ਮਾਣ-ਸਨਮਾਨ ਮਿਲੇ।
ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਵਿਚ ਨਾਇਕ ਦੇ ਪ੍ਰਚੱਲਤ ਸੰਕਲਪ ਨੂੰ ਤੋੜਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਅਤੇ ਆਮ ਲੋਕਾਂ ਨੂੰ ਪੰਜਾਬੀ ਨਾਵਲ ਦੇ ਨਾਇਕ ਬਣਾਇਆ। ਉਨ੍ਹਾਂ ਦੇ ਨਾਵਲਾਂ ਵਿਚ ਲੇਖਕ ਖ਼ੁਦ ਕਿਤੇ ਨਜ਼ਰ ਨਹੀਂ ਆਉਂਦਾ, ਸਗੋਂ ਪਾਤਰ ਹੀ ਆਪਣੇ ਸਹਿਜ ’ਚ ਪ੍ਰਗਟ ਹੁੰਦੇ ਹਨ। ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਗੁਰਦਿਆਲ ਸਿੰਘ ਨੂੰ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਨਾਵਲਕਾਰ ਦੱਸਦਿਆਂ ਕਿਹਾ ਕਿ ‘‘ਮੜ੍ਹੀ ਦਾ ਦੀਵਾ’’ ਤੇ ‘‘ਅਣਹੋਏ’’ ਉਨ੍ਹਾਂ ਦੇ ਵਿਸ਼ਵ ਪ੍ਰਸਿੱਧ ਸ਼ਾਹਕਾਰ ਹਨ। ਉਨ੍ਹਾਂ ਆਪਣੇ ਨਾਵਲਾਂ ਵਿਚ ਠੇਠ ਮਲਵਈ ਭਾਸ਼ਾ ਨੂੰ ਪ੍ਰਸਾਰਨ ਵਿਚ ਵਿਸ਼ੇਸ਼ ਕਾਰਜ ਕੀਤਾ। ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਨੇ ਵੀ ਉਨ੍ਹਾਂ ਨੂੰ ਸਾਡੇ ਸਮਿਆਂ ਦਾ ਬਹੁਤ ਵੱਡਾ ਲੇਖਕ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸਾਹਿਤ ਵਿਚ ਨਵੀਆਂ ਨਿਵੇਕਲੀਆਂ ਪੈੜਾਂ ਪਾਈਆਂ ਅਤੇ ਪੰਜਾਬੀ ਸਾਹਿਤ ਨੂੰ ਵਿਸ਼ੇਸ਼ ਮਾਣ ਦਿੱਤਾ ਹੈ। ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ ਗਿਆਨਪੀਠ ਹਾਸਲ ਕਰਨ ਦਾ ਵੀ ਫਖ਼ਰ ਪ੍ਰਾਪਤ ਹੋਇਆ। ਅੰਗਰੇਜ਼ ਬਰਾੜ ਨੇ ਵੀ ਗੁਰਦਿਆਲ ਸਿੰਘ ਨਾਲ ਬਰਜਿੰਦਰ ਕਾਲਜ ਫਰੀਦਕੋਟ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

Share