ਸਰੀ ਵਿਖੇ ਡਾ. ਸਾਧੂ ਸਿੰਘ ਦੀ ਪੁਸਤਕ “ਮੇਰੇ ਮੇਹਰਬਾਨ” ਉਪਰ ਵਿਚਾਰ ਚਰਚਾ

489
Share

ਸਰੀ, 28 ਨਵੰਬਰ (ਹਰਦਮ ਮਾਨ/ਪੰਜਾਬ ਮੇਲ)-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਡਾ. ਸਾਧੂ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ “ਮੇਰੇ ਮੇਹਰਬਾਨ” ਲੋਕ ਅਰਪਣ ਕਰਨ ਅਤੇ ਇਸ ਉਪਰ ਵਿਚਾਰ ਚਰਚਾ ਕਰਨ ਲਈ ਮੇਡ ਇਨ ਇੰਡੀਆ ਪਲਾਜ਼ਾ, ਸਰੀ ਵਿਚ ਸਮਾਗਮ ਕਰਵਾਇਆ ਗਿਆ।। ਸਮਾਗਮ ਦੀ ਪ੍ਰਧਾਨਗੀ ਡਾ. ਸਾਧੂ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ ਅਤੇ ਡਾ. ਸਾਧੂ ਸਿੰਘ ਦੀ ਸੁਪਤਨੀ ਸੁਧਾ ਜੈਨ ਮਡਾਹਡ ਨੇ ਕੀਤੀ।
ਸਮਾਗਮ ਦਾ ਆਗਾਜ਼ ਕਰਦਿਆਂ ਸੰਚਾਲਕ ਸੁਰਿੰਦਰ ਚਾਹਲ ਨੇ ਡਾ. ਸਾਧੂ ਸਿੰਘ ਦੇ ਮਾਨਵੀ ਗੁਣਾਂ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦੇ ਕਈ ਅਣਛੋਹੇ ਪੱਖਾਂ ਨੂੰ ਉਜਾਗਰ ਕੀਤਾ ਅਤੇ ਬਤੌਰ ਵਿਦਿਆਰਥੀ ਉਨ੍ਹਾਂ ਨਾਲ ਆਪਣੀ ਲੰਮੇਰੀ ਸਾਂਝ ਦਾ ਵਰਨਣ ਕੀਤਾ। ਪੁਸਤਕ ਰਿਲੀਜ਼ ਕਰਨ ਦੀ ਰਸਮ ਵਿਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਡਾ. ਸਾਧੂ ਸਿੰਘ ਬੇਟੀਆਂ, ਉਨ੍ਹਾਂ ਦਾ ਦਾਮਾਦ, ਸਤੀਸ਼ ਗੁਲਾਟੀ ਅਤੇ ਸੁਰਿੰਦਰ ਚਾਹਲ ਸ਼ਾਮਲ ਹੋਏ।
ਪੁਸਤਕ ਉਪਰ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਮੋਹਨ ਗਿੱਲ ਨੇ ਕਿਹਾ ਕਿ ਇਸ ਪੁਸਤਕ ਵਿਚ ਵੱਖ ਵੱਖ ਲੇਖਕਾਂ, ਸਮਾਜ ਸੇਵਕਾਂ, ਰਾਜਨੀਤਕਾਂ ਅਤੇ ਸਾਧਾਰਨ ਵਿਅਕਤੀਆਂ ਦੀਆਂ ਸ਼ਖ਼ਸੀਅਤਾਂ ਬਾਰੇ ਬਹੁਤ ਹੀ ਖੂਬਸੂਰਤ ਸ਼ੈਲੀ ਵਿਚ ਚਿਤਰਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਪਾਠਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਅਤੇ ਇਹ ਪੁਸਤਕ ਕਿਸੇ ਦੋਸਤ ਮਿੱਤਰ ਨੂੰ ਦਿੱਤਾ ਜਾਣ ਵਾਲਾ ਇਹ ਇਕ ਨਾਯਾਬ ਤੋਹਫਾ ਹੈ। ਸਾਧੂ ਬਿਨਿੰਗ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਜਿੱਥੇ ਵੱਖ ਵੱਖ ਸ਼ਖ਼ਸੀਅਤਾਂ ਬਾਰੇ ਵਿਸ਼ੇਸ਼ ਜਾਣਕਾਰੀ ਮਿਲਦੀ ਹੈ ਉਥੇ ਹੀ ਡਾ. ਸਾਧੂ ਸਿੰਘ ਦੀ ਸ਼ਖ਼ਸੀਅਤ ਦੇ ਵੀ ਕਈ ਪੱਖ ਇਸ ਰਾਹੀਂ ਉਜਾਗਰ ਹੁੰਦੇ ਹਨ। ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਡਾ. ਸਾਧੂ ਸਿੰਘ ਦੀ ਵਾਕ ਬਣਤਾਰ, ਵਿਆਕਰਣ, ਸ਼ੈਲੀ ਦੀ ਸ਼ਲਾਘਾ ਕਰਦਿਆਂ ਪੁਸਤਕ ਵਿਚਲੀਆਂ ਛੋਟੀਆਂ ਛੋਟੀਆਂ ਉਦਾਹਰਣਾਂ ਪੇਸ਼ ਕੀਤੀਆਂ। ਸੁਖਵੰਤ ਹੁੰਦਲ ਨੇ ਕਿਹਾ ਕਿ ਇਸ ਪੁਸਤਕ ਵਿਚ ਸ਼ਾਮਲ ਸ਼ਖ਼ਸੀਅਤਾਂ ਦੇ ਮਾਨਵੀ ਗੁਣਾਂ ਨੂੰ ਉਭਾਰਿਆ ਗਿਆ ਹੈ। ਡਾ. ਸਾਧੂ ਸਿੰਘ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਦੀ ਕੀਤੀ ਗਈ ਚੋਣ ਉਨ੍ਹਾਂ ਦੀ ਸੋਚ ਦਾ ਬਾਖੂਬੀ ਪ੍ਰਗਟਾਵਾ ਵੀ ਕਰਦੀ ਹੈ। ਡਾ. ਰਘਬੀਰ ਸਿੰਘ ਨੇ ਕਿਹਾ ਕਿ ਡਾ. ਸਾਧੂ ਸਿੰਘ ਕੋਲ ਸ਼ਬਦਾਂ ਦਾ ਅਮੁੱਕ ਖਜ਼ਾਨਾ ਹੈ। ਉਹ ਸ਼ਬਦਾਂ ਦੇ ਜਾਦੂਗਰ ਹਨ ਅਤੇ ਭੁੱਲੇ ਵਿੱਸਰੇ ਸ਼ਬਦਾਂ ਨੂੰ ਮੁੜ ਸੁਰਜੀਤ ਕਰਨ ਦੇ ਮਾਹਰ ਹਨ। ਉਨ੍ਹਾਂ ਦੀ ਲਿਖਣ ਕਲਾ ਅਤੇ ਸੰਬੋਧਨ ਕਲਾ ਬਾ-ਕਮਾਲ ਇਕਸੁਰਤਾ ਹੈ। ਬਹੁਪੱਖੀ ਕਲਾਕਾਰ ਰਾਣਾ ਰਣਬੀਰ ਨੇ ਪੁਸਤਕ ਦੀ ਪ੍ਰਸੰਸਾ ਕਰਦਿਆਂ ਡਾ. ਸਾਧੂ ਸਿੰਘ ਨੂੰ ਕੈਨੇਡੀਅਨ ਬੱਚਿਆਂ ਬਾਰੇ ਵੀ ਲਿਖਣ ਦੀ ਅਪੀਲ ਕੀਤੀ।
ਪੁਸਤਕ ਉਪਰ ਡਾ. ਪ੍ਰਿਥੀਪਾਲ ਸਿੰਘ ਸੋਹੀ, ਜਰਨੈਲ ਸਿੰਘ ਆਰਟਿਸਟ, ਬਖਸ਼ਿੰਦਰ, ਸਤੀਸ਼ ਗੁਲਾਟੀ, ਹਰਦਮ ਸਿੰਘ ਮਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਡਾ. ਸਾਧੂ ਸਿੰਘ ਨੂੰ ਪੰਜਾਬੀ ਸਾਹਿਤ ਦੀ ਅਮੀਰੀ ਵਿਚ ਨਿੱਗਰ ਵਾਧਾ ਕਰਨ ਵਾਲੀ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ। ਡਾ. ਸਾਧੂ ਸਿੰਘ ਨੇ ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕਰਨ ਵਾਲਿਆਂ ਅਤੇ ਸਮਾਗਮ ਵਿਚ ਹਾਜਰ ਸਭਨਾਂ ਸ਼ੁੱਭਚਿੰਤਕਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਸੁਰਿੰਦਰ ਚਾਹਲ ਨੇ ਬਾਖੂਬੀ ਕੀਤਾ।
ਸਮਾਗਮ ਦੌਰਾਨ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਸਾਹਿਤਕਾਰ ਮੋਹਨ ਭੰਡਾਰੀ, ਕੁਲਵੰਤ ਸਿੰਘ ਸੂਰੀ, ਲੋਕ ਗਾਇਕਾ ਗੁਰਮੀਤ ਬਾਵਾ ਅਤੇ ਕਾਕਾ ਰੰਗਕਰਮੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।


Share