ਸਰੀ, 21 ਜਨਵਰੀ (ਪੰਜਾਬ ਮੇਲ)-ਸਰੀ ਵਾਸੀ ਇਕ ਵਿਅਕਤੀ ਨੂੰ ਇਕ ਸਾਲ ਪਹਿਲਾਂ ਲੈਂਗਲੇ ਦੇ ਇਕ ਵਿਅਕਤੀ ਦਾ ਕਤਲ ਕਰਨ ਦੀ ਕੋਸ਼ਿਸ਼ ਲਈ ਗਿ੍ਰਫ਼ਤਾਰ ਤੇ ਚਾਰਜਸ਼ੀਟ ਕੀਤਾ ਗਿਆ ਹੈ। ਚਾਡ ਸਟੀਵਰਟ (42) ਨੂੰ ਕਤਲ ਦੀ ਕੋਸ਼ਿਸ਼ ਤਹਿਤ ਚਾਰਜਸ਼ੀਟ ਕੀਤਾ ਗਿਆ ਹੈ, ਜ਼ਖ਼ਮੀ ਕਰਨ ਦੇ ਮਕਸਦ ਨਾਲ ਇਕ ਹਥਿਆਰ ਰੱਖਣ ਦੇ ਤੇ ਮਨਾਹੀ ਯੋਗ ਹਥਿਆਰ ਬਰਾਮਦ ਹੋਣ ਦੇ ਦੋਸ਼ ਹੇਠ ਡਿਸਚਾਰਜ ਕੀਤਾ।
ਲੈਂਗਲੇ ਆਰ.ਸੀ.ਐੱਮ.ਪੀ. ਨੂੰ 18 ਜਨਵਰੀ 2021 ਨੂੰ ਅੱਧੀ ਰਾਤ ਤੋਂ ਬਾਅਦ ਲੈਂਗਲੇ ਸਿਟੀ ਵਿਚ 201-ਏ ਗਲੀ ਦੇ 5600 ਬਲਾਕ ਵਿਚ ਇਕ ਅੰਡਰ-ਗਰਾਊਂਡ ਪਾਰਕੇਡ ’ਚ ਕਈ ਗੋਲੀਆਂ ਲੱਗੇ ਵਿਅਕਤੀ ਦੀ ਸੂਚਨਾ ਮਿਲੀ ਸੀ। ਮੌਕਾ-ਏ-ਵਾਰਦਾਤ ਉੱਤੇ ਪੁੱਜੀ ਪੁਲਿਸ ਨੇ ਉਸ ਨੂੰ ਗੰਭੀਰ ਜ਼ਖਮੀ ਹਾਲਤ ’ਚ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਲੈਂਗਲੇ, ਸਰੀ ਅਤੇ ਚਿਲੀਵਾਕ ਆਰ.ਸੀ.ਐੱਮ.ਪੀ., ਸਭ ਇਸ ਕੇਸ ਵਿਚ ਸ਼ਾਮਲ ਸਨ, ਜਿਸ ਕਾਰਨ ਤਿੰਨ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਹੋਇਆ ਸੀ। ਲੈਂਗਲੇ ਆਰ.ਸੀ.ਐੱਮ.ਪੀ. ਇਨਵੈਸਟੀਗੇਟਿਵ ਸਰਵਿਸਿਜ਼ ਦੇ ਕਮਾਂਡਰ ਸਟਾਫ ਸਾਰਜੈਂਟ ਲੋਈ ਲੇ ਨੇ ਕਿਹਾ ਕਿ ਸਾਡੇ ਇਨਵੈਸਟੀਗੇਟਰਾਂ ਦੀ ਕੰਮ ਪ੍ਰਤੀ ਸਖ਼ਤ ਮਿਹਨਤ ਤੇ ਸਮਰਪਣ ਦੇ ਇਲਾਵਾ ਕਾਨੂੰਨ ਲਾਗੂ ਕਰਨ ਵਾਲੇ ਹੋਰ ਮੁੱਖ ਭਾਈਵਾਲਾਂ ਤੇ ਜਨਤਾ ਦੇ ਸਹਿਯੋਗ ਸਦਕਾ ਇਹ ਮਾਮਲਾ ਸੁਲਝਿਆ ਹੈ।