ਸਰੀ ਫਾਇਰ ਸਰਵਿਸ ਦੇ ਕਾਮਿਆਂ ਨੂੰ ਕੋਵਿਡ-19 ਨੇ ਘੇਰਿਆ

261
Share

ਸਰੀ, 22 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਸਰੀ ਫਾਇਰ ਸਰਵਿਸ ਦੇ ਕਾਮਿਆਂ ਨੂੰ ਕੋਵਿਡ-19 ਨੇ ਘੇਰ ਲਿਆ ਹੈ। ਪਤਾ ਲੱਗਿਆ ਹੈ ਕਿ ਫਾਇਰ ਸਰਵਿਸ ਦੇ ਲੱਗਭੱਗ 25 ਪ੍ਰਤੀਸ਼ਤ ਵਰਕਰ ਕੋਵਿਡ-19 ਤੋਂ ਪਾਜ਼ੇਟਿਵ ਪਾਏ ਗਏ ਹਨ।
ਸਰੀ ਦੇ ਫਾਇਰ ਚੀਫ ਲੈਰੀ ਥਾਮਸ ਨੇ ਦੱਸਿਆ ਹੈ ਕਿ 20 ਦਸੰਬਰ ਤੋਂ ਲੈ ਕੇ ਹੁਣ ਤੱਕ 374 ਫਾਇਰ ਫਾਈਟਰਜ਼ ਅਤੇ 18 ਫੁੱਲ-ਟਾਈਮ ਡਿਸਪੈਚਰਜ਼ ਵਿੱਚੋਂ 98 ਵਰਕਰ ਕੋਵਿਡ-19 ਤੋਂ ਪੀੜਤ ਹੋਏ ਹਨ। ਇਹ ਫਾਇਰ ਵਿਭਾਗ ਦੇ ਕਰਮਚਾਰੀਆਂ ਦਾ 25 ਪ੍ਰਤੀਸ਼ਤ ਹੈ।
ਉਨ੍ਹਾਂ ਦੱਸਿਆ ਕਿ ਫਾਇਰ ਸਰਵਿਸ ਕ੍ਰਿਸਮਸ ਤੋਂ ਠੀਕ ਪਹਿਲਾਂ ਯਾਨੀ 20 ਦਸੰਬਰ ਤੋਂ ਬਾਅਦ ਸਟਾਫ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਅਤੇ ਇਸ ਲਈ ਵਿਭਾਗ ਵੱਲੋਂ ਇਹ ਯਕੀਨੀ ਬਣਾਉਣ ਲਈ ਬਹੁਤ ਸਾਰੇ ਨਵੀਨਤਮ ਅਤੇ ਰਚਨਾਤਮਿਕ ਕਾਰਜ ਕੀਤੇ ਜਾ ਰਹੇ ਹਨ ਤਾਂ ਕਿ ਆਪਣੀ ਸੇਵਾ ਦੇ ਪੱਧਰ ਨੂੰ ਬਰਕਰਾਰ ਰੱਖਿਆ ਜਾ ਸਕੇ। ਫਾਇਰ ਸਰਵਿਸ ਵੱਲੋਂ ਸਿਟੀ ਦੁਆਰਾ ਖਰੀਦੀਆਂ ਗਈਆਂ ਰੈਪਿਡ ਟੈਸਟਿੰਗ ਕਿੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਲੈਰੀ ਥਾਮਸ ਨੇ ਕਿਹਾ ਕਿ ਲੱਗਭੱਗ ਅੱਧੇ ਤੋਂ ਜ਼ਿਆਦਾ ਸਟਾਫ ਮੈਂਬਰ ਕੋਵਿਡ -19 ਨਾਲ ਸੰਕਰਮਿਤ ਲੋਕਾਂ ਦੇ ਨਜ਼ਦੀਕੀ ਸੰਪਰਕ ਹਨ ਜਾਂ ਰਹੇ ਸਨ। ਇਸ ਲਈ ਅਸੀਂ ਇਹ ਯਕੀਨੀ ਬਣਾਉਣ ਲਈ ਤੇਜ਼ ਟੈਸਟਿੰਗ ਦੀ ਵਰਤੋਂ ਕਰ ਰਹੇ ਹਾਂ ਕਿ ਉਹ ਕੰਮ ਕਰਨਾ ਜਾਰੀ ਰੱਖ ਸਕਣ।


Share