ਸਰੀ ਪੁਲਿਸ ਸਰਵਿਸਿਜ਼ ’ਚ ਪੰਜਾਬੀ ਨੌਜਵਾਨ ਦੀ ਸਾਰਜੈਂਟ ਵਜੋਂ ਨਿਯੁਕਤੀ

246
Share

ਸਰੀ, 11 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਤਿਕਾਰਤ ਪੁਲਿਸ ਅਫਸਰ ਅਤੇ ਦੂਰ-ਅੰਦੇਸ਼ੀ ਨੌਜਵਾਨ ਜੈਗ ਖੋਸਾ ਨੂੰ ਸਰੀ ਪੁਲਿਸ ਸਰਵਿਸਜ਼ ’ਚ ਸਾਰਜੈਂਟ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਦੇ ਸ਼ਹਿਰ ਫਰੀਦਕੋਟ ਦੇ ਜੰਮਪਲ ਜੈਗ ਖੋਸਾ ਨੇ 2007 ਤੋਂ 2011 ਤੱਕ ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਵਿਖੇ ਬਤੌਰ ਪੁਲਿਸ ਅਫ਼ਸਰ ਕੰਮ ਕਰਨ ਤੋਂ ਬਾਅਦ ਬੀ.ਸੀ. ਸੂਬੇ ਦੀ ਐਂਟੀ ਗੈਂਗ ਏਜੰਸੀ (ਕੰਬਾਇਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ) ਵਿਚ ਇਕ ਦਹਾਕੇ ਤੋਂ ਵੱਧ ਸਮਾਂ ਸੇਵਾਵਾਂ ਨਿਭਾਈਆਂ ਹਨ। ਇਸ ਏਜੰਸੀ ’ਚ ਕੰਮ ਕਰਦਿਆਂ ਉਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਹਥਿਆਰਾਂ ਅਤੇ ਡਰੱਗ ਦੀ ਤਸਕਰੀ ਨਾਲ ਸਬੰਧਤ ਕੇਸਾਂ ’ਤੇ ਕੰਮ ਕੀਤਾ ਹੈ। ਗੈਂਗ ਸਬੰਧਤ ਤਫ਼ਤੀਸ਼ ’ਚ ਮੁਹਾਰਤ ਰੱਖਣ ਦੇ ਨਾਲ-ਨਾਲ ਉਸ ਨੇ ਨੌਜਵਾਨਾਂ ਨੂੰ ਗੈਂਗ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਕੈਨੇਡਾ ਦਾ ਪਹਿਲਾ ਗੈਂਗ ਇੰਟਰਵੈਂਸ਼ਨ ਪ੍ਰੋਗਰਾਮ ਵੀ ਸ਼ੁਰੂ ਕੀਤਾ। ਗੈਂਗ ਗਤੀਵਿਧੀਆਂ ਅਤੇ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਉਣ ਲਈ ਉਸ ਨੇ ਬੇਹੱਦ ਸ਼ਲਾਘਾਯੋਗ ਕੰਮ ਕੀਤਾ ਹੈ। ਕਮਿਊਨਿਟੀ ਨੂੰ ਮਾੜੇ ਅਨਸਰਾਂ ਤੋਂ ਬਚਾਉਣ ਲਈ ਉਹ ਲਗਾਤਾਰ ਯਤਨਸ਼ੀਲ ਹੈ।
ਅਣਥੱਕ ਮਿਹਨਤੀ ਪੁਲਿਸ ਅਫਸਰ ਜੈਗ ਖੋਸਾ ਕਮਿਊਨਿਟੀ ਦੇ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਸ਼ਲਾਘਾਯੋਗ ਕਾਰਜਾਂ ਬਦਲੇ ਉਸ ਨੂੰ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਬੀ.ਸੀ. ਦੀ ਉਪ-ਰਾਜਪਾਲ ਵੱਲੋਂ ਉਸ ਨੂੰ ‘ਬੀ.ਸੀ. ਕਮਿਊਨਿਟੀ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਆ ਜਾ ਚੁੱਕਿਆ ਹੈ।
ਸਰੀ ਪੁਲਿਸ ਵਿਚ ਸ਼ਾਮਲ ਹੋਣ ਉਪਰੰਤ ਜੈਗ ਖੋਸਾ ਨੇ ਕਿਹਾ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਸਰੀ ਪੁਲਿਸ ਸਰਵਿਸ ’ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਸਰੀ ਨਿਵਾਸੀਆਂ ਅਤੇ ਸਰੀ ਪੁਲਿਸ ਪ੍ਰਤੀ ਆਪਣਾ ਫਰਜ਼ ਨਿਭਾਉਣ ਲਈ ਇਹ ਮੇਰੇ ਵਾਸਤੇ ਇਹ ਬਹੁਤ ਹੀ ਲਾਹੇਵੰਦ ਅਤੇ ਦਿਲਚਸਪ ਕਦਮ ਹੈ।

Share