ਸਰੀ ਦੇ ਸ਼ਾਇਰ ਪਰਮਵੀਰ ਸਿੰਘ ਦਾ ਕਾਵਿ-ਸੰਗ੍ਰਹਿ ‘‘ਪੰਖੀ’’ ਰਿਲੀਜ਼

309
Share

ਸਰੀ, 17 ਨਵੰਬਰ (ਹਰਦਮ ਮਾਨ/ਪੰਜਾਬ ਮੇਲ)-ਸਰੀ ਦੇ ਪੰਜਾਬੀ ਸ਼ਾਇਰ ਪਰਮਵੀਰ ਸਿੰਘ ਦਾ ਕਾਵਿ-ਸੰਗ੍ਰਹਿ ‘‘ਪੰਖੀ’’ ਰਿਲੀਜ਼ ਕਰਨ ਲਈ ਖਾਲਸਾ ਸਕੂਲ ਸਰੀ ਵਿਖੇ ਸੰਖੇਪ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਆਏ ਡਾ. ਸ.ਪ. ਸਿੰਘ (ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ) ਨੇ ਕੀਤੀ।
ਸ਼ੁਰੂਆਤ ’ਚ ਸਮਾਗਮ ਦੇ ਸੰਚਾਲਕ ਮੋਹਨ ਗਿੱਲ ਨੇ ਸਭ ਦਾ ਸਵਾਗਤ ਕਰਦਿਆਂ ਪਰਮਵੀਰ ਸਿੰਘ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਪਰਮਵੀਰ ਸਿੰਘ ਦੀ ਕਵਿਤਾ ਨੂੰ ਪ੍ਰੋ. ਪੂਰਨ ਸਿੰਘ ਅਤੇ ਭਾਈ ਵੀਰ ਸਿੰਘ ਦੀ ਕਵਿਤਾ ਨੂੰ ਅੱਗੇ ਤੋਰਦੀ ਕਵਿਤਾ ਕਿਹਾ। ਪੁਸਤਕ ਉਪਰ ਡਾ. ਰਣਜੀਤ ਸਿੰਘ ਸੰਧੂ ਨੇ ਪਰਚਾ ਪੜ੍ਹਿਆ ਅਤੇ ਇਸ ਕਵਿਤਾ ਨੂੰ ਸਮਾਜਿਕ ਸਰੋਕਾਰਾਂ ਦੀ ਕਵਿਤਾ ਕਿਹਾ। ਜਰਨੈਲ ਸਿੰਘ ਸੇਖਾ ਨੇ ਲੇਖਕ ਦੀ ਕਵਿਤਾ ਵਿਚੋਂ ਲੋਕ ਗੀਤਾਂ ਦੀ ਸੁਗੰਧ ਮਹਿਸੂਸ ਕੀਤੀ। ਡਾ. ਰਘਬੀਰ ਸਿੰਘ ਸਿਰਜਣਾ ਨੇ ਪਰਮਵੀਰ ਸਿੰਘ ਦੀ ਪਹਿਲੀ ਪੁਸਤਕ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ‘‘ਪੰਖੀ’’ ਨੂੰ ਇਕ ਕਦਮ ਅੱਗੇ ਤੁਰਦੀ ਕਵਿਤਾ ਆਖਿਆ। ਅਜਮੇਰ ਰੋਡੇ ਨੇ ਇਸ ਕਵਿਤਾ ਨੂੰ ਮਾਣਯੋਗ ਦੱਸਦਿਆਂ ਇਸ ਦੀ ਵਿਲੱਖਣ ਸ਼ੈਲੀ ਦੀ ਸ਼ਲਾਘਾ ਕੀਤੀ। ਜਰਨੈਲ ਸਿੰਘ ਆਰਟਿਸਟ ਨੇ ‘‘ਪੰਖੀ’’ ’ਚ ਗੁਰਬਾਣੀ ਤੇ ਅਧਿਆਤਮਵਾਦ ਦਾ ਪ੍ਰਭਾਵ ਹੋਣ ਦੇ ਨਾਲ-ਨਾਲ ਮੌਜੂਦਾ ਸਮੇਂ ਦੀਆਂ ਘਟਨਾਵਾਂ ਉਪਰ ਕੀਤੀਆਂ ਟਿੱਪਣੀਆਂ ਦੀ ਪ੍ਰਸ਼ੰਸਾ ਕੀਤੀ।
ਪਰਮਵੀਰ ਸਿੰਘ ਨੇ ਆਪਣੀਆਂ ਕਈ ਕਵਿਤਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ‘‘ਪੰਖੀ’’ ਅੰਬਰ ਗਾਹੁਣ, ਬਿ੍ਰਖ ਦੀ ਸਰਸਰਾਹਟ ’ਚੋਂ ਗੀਤ ਟੋਹਣ, ਪਿਆਰ ਅਤੇ ਅਮਨ ਦਾ ਹੋਕਾ ਦੇਣ ਦੀ ਉਡਾਣ ਹੈ। ਡਾ. ਸ.ਪ. ਸਿੰਘ ਨੇ ਇਸ ਨੂੰ ਉੱਚ ਪੱਧਰ ਦੀ ਕਵਿਤਾ ਕਿਹਾ। ਉਨ੍ਹਾਂ ਕਿਹਾ ਕਿ ਪਰਮਵੀਰ ਸਿੰਘ ਦੀ ਕਵਿਤਾ ’ਚ ਗੁਰਬਾਣੀ ਦਾ ਪ੍ਰਭਾਵ ਹੈ ਅਤੇ ਇਹ ਕਵਿਤਾ ਪ੍ਰੋ. ਪੂਰਨ ਸਿੰਘ ਅਤੇ ਭਾਈ ਵੀਰ ਸਿੰਘ ਦੀ ਖੁਸ਼ਬੋਈ ਨੂੰ ਅੱਗੇ ਤੋਰਦੀ ਹੈ। ਸ਼ਾਇਰ ਨੇ ਭੁੱਲੇ ਵਿਸਰੇ ਸ਼ਬਦਾਂ ਨੂੰ ਕਵਿਤਾ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਲੇਖਕ ਦੇ ਮਾਤਾ-ਪਿਤਾ, ਪਰਿਵਾਰ ਦੀ ਸਮਾਗਮ ਵਿਚ ਸ਼ਮੂਲੀਅਤ ਨੂੰ ਵਧੀਆ ਸ਼ਗਨ ਆਖਿਆ। ਇਸ ਸਮਾਗਮ ’ਚ ਸਰੀ ਦੇ ਚੋਣਵੇਂ ਲੇਖਕ ਸ਼ਾਮਲ ਹੋਏ। ਅੰਤ ’ਚ ਮੋਹਨ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ।

Share