ਸਰੀ, 22 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਅਪ੍ਰੈਲ 2020 ’ਚ ਸਰੀ ਵਿਚ ਪ੍ਰਿਤਪਾਲ ਸਿੰਘ ਦੀ ਗੋਲੀ ਲੱਗਣ ਨਾਲ ਹੋਈ ਮੌਤ ਸਬੰਧੀ ਰੋਬਰਟ ਟੌਮਲਜੇਨੋਵਿਕ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਹ ਘਟਨਾ 7 ਅਪ੍ਰੈਲ, 2020 ਨੂੰ ਸਵੇਰੇ 12:43 ਵਜੇ, ਸਰੀ ਦੀ 138ਏ ਸਟ੍ਰੀਟ ਦੇ 8800-ਬਲਾਕ ਵਿਚ ਵਾਪਰੀ ਸੀ ਅਤੇ 21 ਸਾਲਾ ਪਿ੍ਰਤਪਾਲ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹਾਲਤ ’ਚ ਪੁਲਿਸ ਨੂੰ ਮਿਲਿਆ ਸੀ।
13 ਅਪ੍ਰੈਲ 2020 ਨੂੰ ਸਰੀ ਆਰ.ਸੀ.ਐੱਮ.ਪੀ. ਅਤੇ ਲੋਅਰ ਮੇਨਲੈਂਡ ਡਿਸਟਿ੍ਰਕਟ ਐਮਰਜੈਂਸੀ ਰਿਸਪਾਂਸ ਟੀਮ ਦੀ ਸਹਾਇਤਾ ਨਾਲ ਏਕੀਕਿ੍ਰਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਹਿਟ) ਨੇ ਟੌਮਲਜੇਨੋਵਿਕ ਨੂੰ ਪ੍ਰਿਤਪਾਲ ਸਿੰਘ ਦਾ ਕਤਲ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕਰ ਲਿਆ ਸੀ ਅਤੇ ਅਗਲੇ ਦਿਨ ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਦੁਆਰਾ ਟੌਮਲਜੇਨੋਵਿਕ ਨੂੰ ਚਾਰਜ ਕੀਤਾ ਗਿਆ ਸੀ।
ਇਹ ਮੁਕੱਦਮਾ ਅਕਤੂਬਰ 2021 ’ਚ ਸ਼ੁਰੂ ਹੋਇਆ। 20 ਜਨਵਰੀ 2022 ਨੂੰ ਬੀ.ਸੀ. ਸੁਪਰੀਮ ਕੋਰਟ ਵੱਲੋਂ ਟੌਮਲਜੇਨੋਵਿਕ ਨੂੰ ਹਥਿਆਰ ਨਾਲ ਕਤਲ ਕਰਨ ਅਤੇ ਡਕੈਤੀ ਦਾ ਦੋਸ਼ੀ ਪਾਇਆ ਗਿਆ ਹੈ। ਅਗਲੀ ਅਦਾਲਤੀ ਪੇਸ਼ੀ ਦੌਰਾਨ ਉਸ ਨੂੰ ਸਜ਼ਾ ਸੁਣਾਈ ਜਾਵੇਗੀ।