ਸਰੀ ’ਚ ਘਰ ਨੂੰ ਲੱਗੀ ਅੱਗ ’ਚ ਇਕ ਮਾਸੂਮ ਬੱਚੇ ਦੀ ਮੌਤ

301
Share

ਸਰੀ, 7 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਸਰੀ ਦੇ ਇਕ ਘਰ ’ਚ ਇਕ ਵਿਅਕਤੀ ਵੱਲੋਂ ਔਰਤ ਦੀ ਕੁੱਟਮਾਰ ਕਰਨ ਅਤੇ ਫਿਰ ਕਥਿਤ ਤੌਰ ’ਤੇ ਘਰ ਨੂੰ ਅੱਗ ਲਾ ਦੇਣ ਦੀ ਇਕ ਘਟਨਾ ’ਚ ਇਕ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ।
ਸਰੀ ਆਰ.ਸੀ.ਐੱਮ.ਪੀ. ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਗਿਲਫੋਰਡ ਇਲਾਕੇ ਦੇ 94 ਐਵੀਨਿਊ ’ਤੇ 15400 ਬਲਾਕ ’ਚ ਇਕ 42 ਸਾਲਾ ਔਰਤ ਨੇ ਗੰਭੀਰ ਜ਼ਖ਼ਮੀ ਹਾਲਤ ਵਿਚ ਘਰੋਂ ਬਾਹਰ ਨਿਕਲ ਕੇ ਪੁਲਿਸ ਨੂੰ ਕਾਲ ਕੀਤੀ। ਪੁਲਿਸ ਅਨੁਸਾਰ ਘਰ ਨੂੰ ਅੱਗ ਲਾਉਣ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਲਾਲ ਰੰਗ ਦੀ ਸੁਬਰੂ ਕਾਰ ਰਾਹੀਂ ਮੌਕੇ ਤੋਂ ਫਰਾਰ ਹੋ ਗਿਆ। ਅੱਗ ਉਪਰ ਕੰਟਰੋਲ ਕਰਨ ਤੋਂ ਬਾਅਦ ਪੁਲਿਸ ਘਰ ਦੇ ਅੰਦਰ ਦਾਖ਼ਲ ਹੋਈ ਤਾਂ ਇਕ ਪੰਜ ਸਾਲ ਦਾ ਬੱਚਾ ਘਰ ਅੰਦਰ ਮਿ੍ਰਤਕ ਪਾਇਆ ਗਿਆ।
ਬਾਅਦ ’ਚ ਰਾਤ ਕਰੀਬ 9.40 ’ਤੇ ਕੋਕੁਇਟਲਮ ਆਰ.ਸੀ.ਐੱਮ.ਪੀ. ਨੂੰ ਇੱਕ ਵਿਅਕਤੀ ਦੇ ਪੋਰਟਮੈਨ ਬਿ੍ਰਜ ਤੋਂ ਛਾਲ ਮਾਰਨ ਦੀ ਜਾਣਕਾਰੀ ਮਿਲੀ। ਮੰਨਿਆ ਜਾ ਰਿਹਾ ਹੈ ਕਿ ਪੁਲ ਤੋਂ ਛਾਲ ਮਾਰਨ ਵਾਲਾ ਹੀ ਘਰ ਨੂੰ ਅੱਗ ਲਾ ਕੇ ਭੱਜਿਆ ਸੀ। ਹੁਣ ਉਸ ਦੀ ਫਰੇਜ਼ਰ ਦਰਿਆ ’ਚ ਭਾਲ ਕੀਤੀ ਜਾ ਰਹੀ ਹੈ।
ਇਸ ਘਟਨਾ ਦੀ ਜਾਂਚ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈ.ਹਿਟ) ਨੂੰ ਸੌਂਪ ਦਿੱਤੀ ਗਈ ਹੈ।

Share