ਸਰਬੱਤ ਦਾ ਭਲਾ ਟਰੱਸਟ ਜ਼ਿਲ੍ਹਾ ਪੱਧਰ ’ਤੇ ਖੋਲ੍ਹੇਗਾ ਸਪੈਸ਼ਲ ਬੱਚਿਆਂ ਲਈ ਸਕੂਲ : ਡਾ. ਓਬਰਾਏ

230
Share

ਫਿਰੋਜ਼ਪੁਰ, 10 ਨਵੰਬਰ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਟਰੱਸਟ ਜ਼ਿਲ੍ਹਾ ਪੱਧਰ ’ਤੇ ਸਪੈਸ਼ਲ ਬੱਚਿਆਂ ਲਈ ਸਕੂਲ ਖੋਲ੍ਹੇਗਾ, ਜਿੱਥੇ ਉਨ੍ਹਾਂ ਦੀ ਪੜ੍ਹਾਹੀ ਦੇ ਨਾਲ-ਨਾਲ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਡਾ. ਓਬਰਾਏ ਇਥੇ ਐੱਚ.ਐੱਮ. ਸਕੂਲ ਵਿਚ ਇਕ ਐੱਨ.ਜੀ.ਓ. ਵੱਲੋਂ ਸਪੈਸ਼ਲ ਬੱਚਿਆਂ ਦੇ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁੱਲ ਆਬਾਦੀ ਦਾ 2 ਫੀਸਦੀ ਕਿਸੇ ਨਾ ਕਿਸੇ ਪੱਖ ਤੋਂ ਕਮਜ਼ੋਰ ਹਨ ਅਤੇ ਇਨ੍ਹਾਂ ਵਿਚ ਜ਼ਿਆਦਾ ਗਿਣਤੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ, ਫਾਜ਼ਿਲਕਾ, ਫਿਰੋਜ਼ਪੁਰ ਤੇ ਅੰਮਿ੍ਰਤਸਰ ਵਿਚ ਅਜਿਹੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀਆਂ ਜ਼ਿਲ੍ਹਾ ਟੀਮਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਇਸ ਵਿਸ਼ੇ ਉਪਰ ਕੰਮ ਕਰਨ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਦਸੰਬਰ ਤੱਕ ਲੈਬਾਰਟਰੀ ਖੋਲ੍ਹਣ ਦਾ ਟੀਚਾ ਪੂਰਾ ਕਰ ਲਵੇਗਾ ਅਤੇ ਉਸ ਤੋਂ ਬਾਅਦ ਸਸਤੇ ਰੇਟਾਂ ’ਤੇ ਮੈਡੀਕਲ ਸਟੋਰ ਵੀ ਖੋਲ੍ਹੇਗਾ। ਇਸ ਮੌਕੇ ਸਪੈਸ਼ਲ ਬੱਚਿਆਂ ਵੱਲੋਂ ਗੀਤ, ਕੋਰੀਓਗ੍ਰਾਫੀ ਤੇ ਭਾਸ਼ਣ ਵੀ ਦਿੱਤੇ ਗਏ। ਅਖੀਰ ਵਿਚ ਪ੍ਰਬੰਧਕਾਂ ਵੱਲੋਂ ਡਾ. ਓਬਰਾਏ ਤੇ ਉਨ੍ਹਾਂ ਨਾਲ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਡਾ. ਸਤਨਾਮ ਸਿੰਘ ਨਿੱਜਰ, ਸ਼ਰਨਜੀਤ ਬੈਂਸ, ਸੁਖਜਿੰਦਰ ਸਿੰਘ ਪ੍ਰਧਾਨ ਅੰਮਿ੍ਰਤਸਰ, ਗੁਰਬਿੰਦਰ ਸਿੰਘ ਬਰਾੜ ਪ੍ਰਧਾਨ ਮੁਕਤਸਰ, ਹਰਜਿੰਦਰ ਸਿੰਘ ਕਤਨਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਅਮਰਜੀਤ ਕੌਰ ਛਾਬੜਾ ਮੀਤ ਪ੍ਰਧਾਨ, ਦਵਿੰਦਰ ਸਿੰਘ ਛਾਬੜਾ ਮੱਖੂ, ਬਲਵਿੰਦਰ ਪਾਲ ਸ਼ਰਮਾ, ਰਣਜੀਤ ਸਿੰਘ ਰਾਏ, ਵਿਜੇ ਕੁਮਾਰ ਬਹਿਲ, ਆਸ਼ਾ ਸ਼ਰਮਾ, ਰਵੀਕ ਕੁਮਾਰ, ਕਿਰਨ ਪੇਂਟਰ, ਚੰਦਰ ਮੋਹਨ ਹਾਂਡਾ, ਸ਼ੈਲੀ ਕੰਬੋਜ ਤੇ ਜਗਦੀਸ਼ ਥਿੰਦ ਮੌਜੂਦ ਸਨ।

Share