ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁੜ ਰਾਸ਼ਨ ਵੰਡਣ ਦੀ ਸੇਵਾ ਸ਼ੁਰੂ

422
ਟਰੱਸਟ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ 'ਚ ਰਾਸ਼ਨ ਵੰਡਣ ਬਾਰੇ ਜਾਣਕਾਰੀ ਦੇਣ ਮੌਕੇ ਸੁਖਦੀਪ ਸਿੱਧੂ,ਸੁਖਜਿੰਦਰ ਸਿੰਘ ਹੇਰ, ਸਿਸ਼ਪਾਲ ਲਾਡੀ,ਨਵਜੀਤ ਘਈ ਤੇ ਹੋਰ।
Share

ਦੂਜੇ ਪੜਾਅ ਤਹਿਤ ਅੰਮ੍ਰਿਤਸਰ ਦੇ 1350 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਇੱਕ-ਇੱਕ ਮਹੀਨੇ ਦਾ ਰਾਸ਼ਨ : ਸਿੱਧੂ,ਹੇਰ
ਅੰਮ੍ਰਿਤਸਰ, 6 ਮਈ (ਪੰਜਾਬ ਮੇਲ)- ਬਿਨ੍ਹਾਂ ਕਿਸੇ ਨਿੱਜੀ ਸੁਆਰਥ ਦੇ ਆਪਣੀ ਨੇਕ ਕਮਾਈ ‘ਚੋਂ ਵੱਡਾ ਹਿੱਸਾ ਲੋੜਵੰਦ ਲੋਕਾਂ ਲਈ ਖਰਚ ਕਰਨ ਕਰਕੇ ਮਾਨਵਤਾ ਦੇ ਮਸੀਹਾ ਤੇ ਸਾਂਝੀਵਾਲਤਾ ਦੇ ਪ੍ਰਤੀਕ ਬਣ ਚੁੱਕੇ ਦੁਬਈ ਦੇ ਨਾਂਮਵਰ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ  ਕਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੇ ਆਪਣੇ ਦੂਜੇ ਪੜਾਅ ਤਹਿਤ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਿਤ ਪਰਿਵਾਰਾਂ ਨੂੰ ਰਾਸ਼ਨ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ।
          ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਵਿੱਤ ਸਕੱਤਰ ਨਵਜੀਤ ਸਿੰਘ ਘਈ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ,ਅਮਰਜੀਤ ਸਿੰਘ ਸੰਧੂ ਅਤੇ ਪ੍ਰਦੀਪ ਸਿੰਘ ਥਿੰਦ ਨੇ ਦੱਸਿਆ ਕਿ ਟਰੱਸਟ ਵੱਲੋਂ ਜਿੱਥੇ ਅਪ੍ਰੈਲ ਮਹੀਨੇ ‘ਚ ਸਵਾ ਕਰੋਡ਼ ਦੀ ਲਾਗਤ ਨਾਲ ਸਮੁੱਚੇ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਅੰਦਰ 24 ਹਜ਼ਾਰ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਅਾ ਸੀ ਉੱਥੇ ਹੁਣ ਟਰੱਸਟ ਵੱਲੋਂ ਦੂਜੇ ਪੜਾਅ ਤਹਿਤ ਮਈ ਮਹੀਨੇ ‘ਚ 40 ਹਜ਼ਾਰ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੂਜੇ ਪੜਾਅ ਤਹਿਤ ਅੰਮ੍ਰਿਤਸਰ ਜਿਲ੍ਹੇ ਅੰਦਰ 1350 ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਰਾਸ਼ਨ ਦੀ 19 ਕਿਲੋ ਦੇ ਕਰੀਬ ਵਾਲੀ ਇੱਕ ਕਿੱਟ ਵਿਚ 10 ਕਿਲੋ ਆਟਾ,3 ਕਿਲੋ ਚੌਲ ਤੋਂ ਇਲਾਵਾ ਦਾਲ,ਖੰਡ ਅਤੇ ਚਾਹ ਪੱਤੀ ਸ਼ਾਮਿਲ ਹੈ,ਜਿਸ ਨਾਲ ਇੱਕ ਦਰਮਿਆਨੇ ਪਰਿਵਾਰ ਦਾ ਇੱਕ ਮਹੀਨੇ ਲਈ ਗੁਜ਼ਾਰਾ ਹੋ ਸਕੇਗਾ।
      ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਦੀ ਅੰਮ੍ਰਿਤਸਰ ਇਕਾਈ ਵੱਲੋਂ ਪੂਰੀ ਵਿਉਂਤਬੰਦੀ ਨਾਲ ਅਪ੍ਰੈਲ ਮਹੀਨੇ ਅੰਦਰ ਲੋੜਵੰਦ ਪਰਿਵਾਰਾਂ ਦੀ ਸ਼ਨਾਖ਼ਤ ਕਰ ਕੇ ਲਿਸਟਾਂ ਤਿਆਰ ਕਰ ਲਈਆਂ ਸਨ। ਜਿਸ ਸਦਕਾ ਹੁਣ ਇਹ ਰਾਸ਼ਨ ਵੰਡਣਾ ਆਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਰਾਸ਼ਨ ਵੰਡਣ ਦੀ ਸੂਚੀ ‘ਚ ਟਰੱਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਧਵਾ ਤੇ ਅੰਗਹੀਣ ਪੈਨਸ਼ਨਾਂ ਦੇ ਨਾਲ ਨਾਲ ਮੈਡੀਕਲ ਸਹੂਲਤ ਲੈ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਉਨ੍ਹਾਂ ਬੱਚਿਆਂ ਦੇ ਪਰਿਵਾਰ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਟਰੱਸਟ ਵਲੋਂ ਉਚੇਰੀ ਸਿੱਖਿਆ ਦੇ ਲਈ ਗੋਦ ਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਟਰੱਸਟ ਦੇ ਧਿਆਨ ‘ਚ ਆਏ ਕੁਝ ਲੋੜਵੰਦ ਪਾਠੀ ਸਿੰਘਾਂ ਅਤੇ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ ਜੋ ਮੱਧ-ਵਰਗ ਦੇ ਹੋਣ ਦੇ ਬਾਵਜੂਦ ਵੀ ਹਾਲਾਤਾ ਨੇ ਮਜ਼ਬੂਰ ਕਰ ਦਿੱਤੇ ਹਨ।
       ਉਨ੍ਹਾਂ ਦੱਸਿਆ ਕਿ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਟਰੱਸਟ ਵੱਲੋਂ ਕੀਤੀ ਜਾ ਰਹੇ ਸਾਰੇ ਸੇਵਾ ਕਾਰਜ ਉਦੋਂ ਤੱਕ ਨਿਰੰਤਰ ਜਾਰੀ ਰਹੇਗੀ ਜਦ ਤੱਕ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਠੀਕ ਨਹੀਂ ਹੋ ਜਾਂਦੇ।
ਕੈਪਸ਼ਨ : ਟਰੱਸਟ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ‘ਚ ਰਾਸ਼ਨ ਵੰਡਣ ਬਾਰੇ ਜਾਣਕਾਰੀ ਦੇਣ ਮੌਕੇ ਸੁਖਦੀਪ ਸਿੱਧੂ,ਸੁਖਜਿੰਦਰ ਸਿੰਘ ਹੇਰ, ਸਿਸ਼ਪਾਲ ਲਾਡੀ,ਨਵਜੀਤ ਘਈ ਤੇ ਹੋਰ।

Share