ਸਰਬੱਤ ਦਾ ਭਲਾ ਟਰੱਸਟ ਵੱਲੋਂ ਮ੍ਰਿਤਕ ਸਰੀਰ ਸਾਂਭਣ ਵਾਲੇ 2 ਫਰੀਜ਼ਰ ਭੇਂਟ

25
Share

ਅੰਮ੍ਰਿਤਸਰ /24 ਨਵੰਬਰ , ਜੋਗਿੰਦਰ ਪਾਲ ਸਿੰਘ ਕੁੰਦਰਾ/ ਪੰਜਾਬ ਮੇਲ)- ਪੂਰੀ ਦੁਨੀਆ ਅੰਦਰ ਰੱਬੀ ਫ਼ਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟਬਲ ਟਰੱਸਟ ਵੱਲੋਂ ਅੰਮ੍ਰਿਤਸਰ ਸ਼ਹਿਰ ਨੇੜਲੇ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ ਅਤੇ ਪਿੰਡ ਸਹਿੰਸਰਾ ਕਲਾਂ ਨੂੰ ਮ੍ਰਿਤਕ ਸਰੀਰ ਸਾਂਭਣ ਵਾਲੇ ਫਰੀਜ਼ਰ ਭੇਂਟ ਕੀਤੇ ਗਏ। ਇਸ ਮੌਕੇ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਅਤੇ ਖਜਾਨਚੀ ਨਵਜੀਤ ਸਿੰਘ ਘਈ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜੋਕੇ ਸਮੇਂ ਵਿਚ ਲਗਭਗ ਹਰੇਕ ਪਰਿਵਾਰ ‘ਚੋਂ ਕੋਈ ਨਾ ਕੋਈ ਮੈਂਬਰ ਬਾਹਰਲੇ ਦੇਸ਼ਾਂ ਅੰਦਰ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਣ ਕਾਰਨ ਜੇਕਰ ਪਿੱਛੇ ਕਿਸੇ ਪਰਿਵਾਰਿਕ ਮੈਂਬਰ ਦੀ ਅਚਾਨਕ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਬਹੁਤ ਜਿਆਦਾ ਪੈਸੇ ਖਰਚ ਕਰਕੇ ਮ੍ਰਿਤਕ ਸਰੀਰ ਨੂੰ ਸੰਭਾਲਣ ਲਈ ਕਿਸੇ ਹਸਪਤਾਲ ‘ਚ ਰੱਖਣਾ ਪੈਂਦਾ ਹੈ। ਇਸ ਮੁਸ਼ਕਲ ਨੂੰ ਵੇਖਦਿਆਂ ਹੋਇਆ ਡਾ: ਐਸ.ਪੀ ਸਿੰਘ ਓਬਰਾਏ ਨੇ ਜ਼ਰੂਰਤ ਵਾਲੀਆਂ ਥਾਵਾਂ ‘ਤੇ ਅਜਿਹੇ ਫਰੀਜ਼ਰ ਦੇਣ ਦਾ ਫੈਸਲਾ ਕੀਤਾ ਸੀ, ਜਿਸ ਤਹਿਤ ਅੱਜ ਛੇਵੀਂ ਪਾਤਸ਼ਾਹੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਪਲਾਹ ਸਾਹਿਬ, ਅੰਮ੍ਰਿਤਸਰ ਅਤੇ ਪਿੰਡ ਸਹਿੰਸਰਾ ਕਲਾਂ ਨੂੰ ਮ੍ਰਿਤਕ ਸਰੀਰ ਸਾਂਭਣ ਵਾਲਾ ਫਰੀਜ਼ਰ ਭੇਂਟ ਕੀਤੇ ਗਏ ਹਨ। ਟਰੱੱਸਟ ਦੇ ਅਹੁਦੇਦਾਰਾਂ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਜਿੱਥੇ ਬਹੁਤ ਸਾਰੀਆਂ ਵਿਧਵਾ, ਬੇਸਹਾਰਾ ਬਜ਼ੁਰਗ ਅਤੇ ਯਤੀਮ ਬੱਚਿਆਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ ਉਥੇ ਹੀ ਮੁਫਤ ਡਾਇਲਿਸਸ ਦੀ ਸਹੂਲਤ, ਮੁਫਤ ਅੱਖਾਂ ਦੇ ਅਪ੍ਰੇਸ਼ਨ ਕਰਵਾਉਣ ਤੋਂ ਇਲਾਵਾ ਲੈਬੋਰਟਰੀ ਖੋਲ੍ਹ ਕੇ ਨਾਮਾਤਰ ਰੇਟਾਂ ‘ਤੇ ਟੈਸਟ ਕੀਤੇ ਜਾ ਰਹੇ ਹਨ।


Share