ਸਰਬੱਤ ਦਾ ਭਲਾ ਟਰੱਸਟ ਨੇ ਹੁਣ ਸਰਕਾਰੀ ਹਸਪਤਾਲਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਲੋੜੀਂਦਾ ਸਾਮਾਨ ਦੇਣ ਦਾ ਚੁੱਕਿਆ ਬੀੜਾ

799
ਮੈਡੀਕਲ ਕਾਲਜ ਵਿਖੇ ਕੈਬਨਿਟ ਮੰਤਰੀ ਓ.ਪੀ. ਸੋਨੀ ਤੇ ਐੱਮ.ਪੀ. ਗੁਰਜੀਤ ਸਿੰਘ ਔਜਲਾ ਨੂੰ ਟਰੱਸਟ ਵੱਲੋਂ ਆਇਆ ਸਾਮਾਨ ਸੌੰਪਣ ਮੌਕੇ ਸੁਖਦੀਪ ਸਿੱਧੂ, ਸੁਖਜਿੰਦਰ ਹੇਰ, ਮਨਪ੍ਰੀਤ ਸੰਧੂ ਤੇ ਹੋਰ ਟਰੱਸਟ ਮੈਂਬਰ।
Share

-ਡਾ. ਓਬਰਾਏ ਨੇ ਅੰਮ੍ਰਿਤਸਰ ਪ੍ਰਸ਼ਾਸਨ ਨੂੰ 1-1 ਹਜ਼ਾਰ ਪੀ.ਪੀ.ਈ. ਕਿੱਟਾਂ ਤੇ ਐੱਨ-95 ਮਾਸਕ ਦਿੱਤੇ
-ਜਾਨਲੇਵਾ ਕੋਰੋਨਾਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਯਤਨਸ਼ੀਲ ਸਰਕਾਰ ਦੀ ਡਾ. ਓਬਰਾਏ ਵੱਲੋਂ ਵੱਡੀ ਮਦਦ : ਸੋਨੀ, ਔਜਲਾ
-ਪੱਤਰਕਾਰਾਂ ਨੂੰ ਵੀ ਵੰਡੇ ਗਏ ਤਿੰਨ ਪਰਤੀ ਮਾਸਕ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਮੇਲ)- ਦੀਨ ਦੁਖੀਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਸਭ ਤੋਂ ਪਹਿਲਾਂ ਪਹੁੰਚਣ ਕਾਰਨ ਪੂਰੇ ਵਿਸ਼ਵ ਅੰਦਰ ‘ਰੱਬ ਦੇ ਫਰਿਸ਼ਤੇ’ ਵਜੋਂ ਜਾਣੇ ਜਾਂਦੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਕੋਰੋਨਾਵਾਇਰਸ ਦੀ ਲਪੇਟ ‘ਚ ਆਏ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਲਾਵਾ ਸ਼ੱਕੀ ਮਰੀਜ਼ਾਂ ਦੀ ਜਾਂਚ ਕਰ ਰਹੇ ਡਾਕਟਰਾਂ ਤੇ ਬਾਕੀ ਕਰਮਚਾਰੀਆਂ ਨੂੰ ਕਰੋਨਾ ਦੀ ਲਾਗ ਤੋਂ ਬਚਾਉਣ ਲਈ ਅੱਜ ਕੈਬਨਿਟ ਮੰਤਰੀ ਓ.ਪੀ. ਸੋਨੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ ‘ਚ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਸਰਜਨ ਦਫਤਰ ਨੂੰ 800 ਪੀ.ਪੀ.ਈ. ਕਿੱਟਾਂ, 800 ਐੱਨ-95 ਮਾਸਕ ਦਿੱਤੇ ਗਏ ਦਿੱਤੇ ਗਏ।
ਇਸ ਦੌਰਾਨ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੋਨੀ ਤੇ ਐੱਮ.ਪੀ. ਔਜਲਾ ਨੇ ਕਿਹਾ ਕਿ ‘ਸਰਬੱਤ ਦਾ ਭਲਾ’ ਦੇ ਸੰਕਲਪ ਦਾ ਪੱਲਾ ਫੜ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਫੁੱਲਾਂ ਦੇ ਬੀਜ ਬੀਜਣ ਵਾਲੇ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਬਿਪਤਾ ਭਰੀ ਘੜੀ ਮੌਕੇ ਸਰਕਾਰ, ਪ੍ਰਸ਼ਾਸਨ ਤੇ ਲੋੜਵੰਦ ਲੋਕਾਂ ਦੀ ਅੱਗੇ ਹੋ ਕੇ ਕੀਤੀ ਜਾ ਰਹੀ ਵੱਡੀ ਸੇਵਾ ਰੂਪੀ ਮਦਦ ਇੱਕ ਵੱਖਰੀ ਤੇ ਨਿਵੇਕਲੀ ਮਿਸਾਲ ਪੇਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਡਾ. ਓਬਰਾਏ ਵੱਲੋਂ ਅੰਮ੍ਰਿਤਸਰ ਤੋਂ ਇਲਾਵਾ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ ਫ਼ਰੀਦਕੋਟ, ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਪੀ.ਜੀ.ਆਈ. ਨੂੰ ਵੀ ਇੱਕ-ਇੱਕ ਹਜ਼ਾਰ ਡਾ. ਐੱਸ.ਪੀ. ਕਿੱਟਾਂ ਤੇ ਐੱਨ-95 ਮਾਸਕ ਅਤੇ ਹਜ਼ਾਰਾਂ ਦੀ ਗਿਣਤੀ ‘ਚ ਤਿੰਨ ਪਰਤੀ ਮਾਸਕ ਦੇਣ ਦੇ ਨਾਲ-ਨਾਲ ਪੰਜਾਬ ਦੇ ਹਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਵੀ ਹਸਪਤਾਲਾਂ ਲਈ ਲੋੜੀਂਦਾ ਸਾਮਾਨ ਵੀ ਲਗਾਤਾਰ ਭੇਜਿਆ ਜਾ ਰਿਹਾ ਹੈ, ਜੋ ਇਸ ਔਖੀ ਘੜੀ ਵੇਲੇ ਪੰਜਾਬ ਦੇ ਲੋਕਾਂ ਨੂੰ ਜਾਨਲੇਵਾ ਕੋਰੋਨਾਵਾਇਰਸ ਦੀ ਲਾਗ ਤੋਂ ਬਚਾਉਣ ਲਈ ਸੁਹਿਰਦ ਯਤਨ ਕਰ ਰਹੀ ਸਰਕਾਰ ਦੀ ਇੱਕ ਵੱਡੀ ਮਦਦ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਤਰਫ਼ੋਂ ਡਾ.ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।

ਪੁਲਿਸ ਲਾਈਨ ਅੰਮ੍ਰਿਤਸਰ ‘ਚ ਐੱਮ.ਪੀ. ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ ‘ਚ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਪੁਲਿਸ ਪ੍ਰਸ਼ਾਸਨ ਲਈ ਸਾਮਾਨ ਦੇਣ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਅਤੇ ਖਜ਼ਾਨਚੀ ਨਵਜੀਤ ਸਿੰਘ ਘਈ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਐੱਸ.ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਅੱਜ ਅੰਮ੍ਰਿਤਸਰ ਤੋਂ ਇਲਾਵਾ ਪੁਲਿਸ ਜ਼ਿਲ੍ਹਾ ਬਟਾਲਾ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਮੋਗਾ, ਫਿਰੋਜ਼ਪੁਰ, ਸੰਗਰੂਰ ਆਦਿ ਜ਼ਿਲ੍ਹਿਆਂ ਦੇ ਹਪਸਤਾਲਾਂ ਲਈ ਸਿਵਲ, ਪੁਲਿਸ ਪ੍ਰਸ਼ਾਸਨ ਤੇ ਪੱਤਰਕਾਰਾਂ ਨੂੰ ਲੋੜੀਂਦੀਆਂ ਪੀ.ਪੀ.ਈ. ਕਿੱਟਾਂ, ਐੱਨ.-95 ਮਾਸਕ ਤੇ ਤਿੰਨ ਪਰਤੀ ਮਾਸਕ ਭੇਜੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ, ਐੱਸ.ਐੱਸ.ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੂੰ ਵੀ ਪੀ.ਪੀ.ਈ. ਕਿੱਟਾਂ, ਐੱਨ.-95 ਮਾਸਕ ਤੇ ਤਿੰਨ ਪਰਤੀ ਮਾਸਕ ਦੇਣ ਤੋਂ ਇਲਾਵਾ ਇਸ ਮੁਸ਼ਕਿਲ ਦੌਰ ਅੰਦਰ ਪਲ-ਪਲ ਦੀ ਖ਼ਬਰ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਵਾਲੇ ਅੰਮ੍ਰਿਤਸਰ ਦੇ ਪੱਤਰਕਾਰਾਂ ਨੂੰ ਵੀ ਤਿੰਨ ਪਰਤੀ ਮਾਸਕ (ਧੋਣ ਯੋਗ) ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਸਰਜਨ ਦਫ਼ਤਰ ਲਈ ਇੱਕ ਦੋ ਦਿਨਾਂ ਦੇ ਅੰਦਰ 5000 ਤਿੰਨ ਪਰਤੀ ਮਾਸਕ ਵੀ ਪਹੁੰਚਾ ਦਿੱਤੇ ਜਾਣਗੇ।
ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ, ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਅੰਮ੍ਰਿਤਸਰ, ਡਾ. ਵੀਨਾ ਚਤਰਥ, ਡਾ. ਰਮਨ ਸ਼ਰਮਾ, ਡਾ. ਸ਼ਿਵ ਚਰਨ, ਡਾ. ਲਵਲੀਨ ਓਬਰਾਏ, ਡਾ. ਨਰਿੰਦਰ ਸਿੰਘ ਡਾ. ਸਤਪਾਲ ਅਲੂਨਾ, ਡਾ. ਸੁਰਿੰਦਰ ਸਲਵਾਨ, ਡਾ. ਮਦਨ ਗੋਪਾਲ, ਆਰ.ਕੇ. ਦੇਵਗਨ ਤੋਂ ਇਲਾਵਾ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।


Share