ਸਰਬੱਤ ਦਾ ਭਲਾ ਟਰੱਸਟ ਨੇ ਰੋਜ਼ੀ-ਰੋਟੀ ਤੋਂ ਵਾਂਝੇ 1200 ਸਿੱਖ ਪ੍ਰਚਾਰਕਾਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

904
ਸਰਬੱਤ ਦਾ ਭਲਾ ਟਰੱਸਟ ਵੱਲੋਂ ਗੁਰੂ ਕੀ ਵਡਾਲੀ ਵਿਖੇ ਲੋੜਵੰਦ ਪ੍ਰਚਾਰਕਾਂ ਤੇ ਪਾਠੀ ਸਿੰਘਾਂ ਨੂੰ ਰਾਸ਼ਨ ਵੰਡਣ ਮੌਕੇ ਸੁਖਦੀਪ ਸਿੱਧੂ,ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸੰਧੂ,ਨਵਜੀਤ ਘਈ ਤੇ ਹੋਰ।
Share

ਅੰਮ੍ਰਿਤਸਰ ‘ਚ ਮੁੜ 65 ਢਾਡੀਆਂ ਤੇ  ਕਵੀਸ਼ਰੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ
-ਟਰੱਸਟ ਨੇ ਮੱਧ ਪ੍ਰਦੇਸ਼ ‘ਚ 150 ਸਿਕਲੀਗਰ ਪਰਿਵਾਰਾਂ ਨੂੰ ਵੀ ਭੇਜਿਆ ਰਾਸ਼ਨ : ਸਿੱਧੂ,ਹੇਰ
-ਸਮੁੱਚੀ ਪੰਜਾਬੀਅਤ ਲਈ ਵੱਡਾ ਮਾਣ ਹਨ ਡਾ.ਓਬਰਾਏ : ਪ੍ਰਚਾਰਕ  
ਅੰਮ੍ਰਿਤਸਰ, 24 ਮਈ (ਪੰਜਾਬ ਮੇਲ)- ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ‘ਚ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਪੂਰੀ ਦੁਨੀਆਂ ਅੰਦਰ ਇੱਕ ਜ਼ਿਕਰਯੋਗ ਮਿਸਾਲ ਬਣ ਚੁੱਕੇ ਨਾਂਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਤ ਹੋਏ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਮੁਹਿੰਮ ਤਹਿਤ ਹੁਣ ਤੱਕ ਰੋਜ਼ੀ-ਰੋਟੀ ਤੋਂ ਵਾਂਝੇ 1200 ਸਿੱਖ ਪ੍ਰਚਾਰਕਾਂ ਤੇ ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਜਾ ਚੁੱਕਾ ਹੈ।
ਅੰਮ੍ਰਿਤਸਰ ਸ਼ਹਿਰ ਦੀ ਬੁੱਕਲ ‘ਚ ਵੱਸਦੇ ਕਸਬਾ ਗੁਰੂ ਕੀ ਵਡਾਲੀ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਵਿਖੇ ਅੱਜ 65 ਦੇ ਕਰੀਬ ਢਾਡੀ, ਕਵੀਸ਼ਰੀ ਤੇ ਗ੍ਰੰਥੀ ਸਿੰਘ ਦੇ ਪਰਿਵਾਰਾਂ ਨੂੰ  ਰਾਸ਼ਨ ਵੰਡਣ ਪਹੁੰਚੇ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ,ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸੰਧੂ,ਵਿੱਤ ਸਕੱਤਰ ਨਵਜੀਤ ਘਈ,ਅਮਰਜੀਤ ਸਿੰਘ ਸੰਧੂ ਆਦਿ ਨੇ ਦੱਸਿਆ ਕਿ ਹੁਣ ਤੱਕ ਡਾ.ਐੱਸ.ਪੀ.ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਹੁਣ ਤੱਕ ਪੂਰੇ ਪੰਜਾਬ ਅੰਦਰ 1200 ਦੇ ਕਰੀਬ ਸਿੱਖ ਪ੍ਰਚਾਰਕਾਂ ਦੇ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੋਸ਼ਲ ਮੀਡੀਆ ਤੇ ਸਿਕਲੀਗਰ ਸਿੱਖਾਂ ਦੀ ਇੱਕ ਵੀਡੀਓ ਵਾਇਰਲ ਹੋਣ ਉਪਰੰਤ ਡਾ.ਓਬਰਾਏ ਵੱਲੋਂ ਮੱਧ ਪ੍ਰਦੇਸ਼ ਦੇ ਜਿਲ੍ਹਾ ਬੁਰਹਾਨਪੁਰ ਵਿਖੇ 150 ਲੋੜਵੰਦ ਸਿਕਲੀਗਰ ਸਿੱਖਾਂ ਦੇ ਪਰਿਵਾਰਾਂ ਨੂੰ ਵੀ ਰਾਸ਼ਨ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਇਹ ਸਾਰੀ ਸੇਵਾ ਨਿਰੰਤਰ ਜਾਰੀ ਰਹੇਗੀ।
ਇਸ ਦੌਰਾਨ ਮੌਜੂਦ ਮੀਰੀ-ਪੀਰੀ ਸ਼੍ਰੋਮਣੀ ਢਾਡੀ ਸਭਾ ਅੰਮ੍ਰਿਤਸਰ ਦੇ ਚੇਅਰਮੈਨ ਸਵਿੰਦਰ ਸਿੰਘ ਭੰਗੂ,ਪ੍ਰਧਾਨ ਜਥੇ.ਗੁਰਮੀਤ ਸਿੰਘ ਸ਼ਹੂਰਾ,ਗਿਆਨੀ ਮੋਹਨ ਸਿੰਘ,ਬਲਦੇਵ ਸਿੰਘ,ਕੁਲਵਿੰਦਰ ਸਿੰਘ ਐਮ.ਏ.,ਜਸਵੀਰ ਸਿੰਘ ਵਡਾਲੀ ਅਤੇ ਦੇਸਾ ਸਿੰਘ ਆਦਿ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਇਸ ਔਖੀ ਘੜੀ ‘ਚ ਗੁਰੂ ਘਰ ਦੇ ਸੇਵਾਦਾਰਾਂ ਦੀ ਮਦਦ ਲਈ ਸਭ ਤੋਂ ਅੱਗੇ ਆਉਣ ਤੇ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਧਰਮ ਦੀ ਸਤਿਕਾਰਤ ਹਸਤੀ ਡਾ. ਓਬਰਾਏ ਵੱਲੋਂ ਪੂਰੀ ਦੁਨੀਆਂ ਅੰਦਰ ਲੋੜਵੰਦ ਲੋਕਾਂ ਲਈ ਕੀਤੇ ਜਾਂਦੇ ਉਪਕਾਰਾਂ ਦੀ ਬਦੌਲਤ ਸਿੱਖ ਕੌਮ ਦੇ ਨਾਲ-ਨਾਲ ਸਮੁੱਚੀ ਪੰਜਾਬੀਅਤ ਦਾ ਸਿਰ ਵੀ ਮਾਣ ਨਾਲ ਉੱਚਾ ਹੋਇਆ ਹੈ।


Share