ਸਰਬੱਤ ਦਾ ਭਲਾ ਟਰੱਸਟ ਨੇ ਏਅਰਪੋਰਟ ‘ਤੇ ਦਿੱਤੀਆਂ ਪੀ.ਪੀ.ਈ. ਕਿੱਟਾਂ

912
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਯਾਤਰੂਆਂ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਜਵਾਨਾਂ ਨੂੰ ਪੀ.ਪੀ.ਈ. ਕਿੱਟਾਂ ਦਿੰਦੇ ਹੋਏ ਟਰੱਸਟ ਦੇ ਮੈਂਬਰ।

ਅੰਮ੍ਰਿਤਸਰ, 13 ਮਈ (ਪੰਜਾਬ ਮੇਲ)- ਨਾਮਵਰ ਸਿੱਖ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਯਾਤਰੂਆਂ ਦੀ ਸੁਰੱਖਿਆ ਲਈ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਜਵਾਨਾਂ ਨੂੰ 10 ਪੀ.ਪੀ.ਈ. ਕਿੱਟਾਂ ਦਿੱਤੀਆਂ ਗਈਆਂ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਸੀਨੀਅਰ ਮੈਂਬਰ ਐਕਸੀਅਨ ਜਗਦੇਵ ਸਿੰਘ ਛੀਨਾ ਆਦਿ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਹੀਂ ਵੱਖ-ਵੱਖ ਵਿਸ਼ੇਸ਼ ਉਡਾਣਾਂ ਦੁਆਰਾ ਵਿਦੇਸ਼ ਅੰਦਰ ਆਪਣੇ ਘਰਾਂ ਨੂੰ ਜਾਣ ਅਤੇ ਹੁਣ ਆਪਣੇ ਵਤਨ ਪਰਤਣ ਵਾਲੇ ਯਾਤਰੂਆਂ ਦੀ ਸੁਰੱਖਿਆ ਲਈ ਤੈਨਾਤ ਸੀ.ਆਈ.ਐੱਸ.ਐੱਫ. ਦੇ ਅਧਿਕੀਆਂ ਵੱਲੋਂ ਕੋਰੋਨਾਵਾਇਰਸ ਦੀ ਮਾਰ ਤੋਂ ਬਚਣ ਵਾਸਤੇ ਟਰੱਸਟ ਕੋਲੋਂ ਪੀ.ਪੀ.ਈ. ਕਿੱਟਾਂ ਦੀ ਮੰਗ ਕੀਤੀ ਗਈ ਸੀ। ਜਿਸ ਤਹਿਤ ਟਰੱਸਟ ਦੀ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਵੱਲੋਂ ਸੀ.ਆਈ.ਐੱਸ.ਐੱਫ. ਦੇ ਅਧਿਕਾਰੀ ਮਨਮੋਹਨ ਸਿੰਘ ਨੂੰ 10 ਕਿੱਟਾਂ ਸੌਂਪ ਦਿੱਤੀਆਂ ਗਈਆਂ। ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਕੀਤੇ ਜਾ ਰਹੇ ਸਾਰੇ ਸੇਵਾ ਕਾਰਜ ਓਨਾ ਚਿਰ ਤੱਕ ਨਿਰੰਤਰ ਜਾਰੀ ਰਹਿਣਗੇ, ਜਦੋਂ ਤੱਕ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ।