ਸਰਬੱਤ ਦਾ ਭਲਾ ਟਰੱਸਟ ਨੇ ਏਅਰਪੋਰਟ ਤੇ ਦਿੱਤਾ ਸਿਹਤ ਸੁਰੱਖਿਆ ਨਾਲ ਸਬੰਧਿਤ ਸਮਾਨ

311
ਏਅਰਪੋਰਟ ਤੇ ਸੀ.ਆਈ.ਐੱਸ.ਐੱਫ.ਦੇ ਅਸਿਸਟੈਂਟ ਕਮਾਡੈੰਟ ਵਿਜੈ ਚਕੋਰ ਨੂੰ ਸਮਾਨ ਸੌਂਪਣ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸੰਧੂ,ਸ਼ਿਸ਼ਪਾਲ ਲਾਡੀ,ਨਵਜੀਤ ਘਈ ਤੇ ਹੋਰ ।
Share

ਸੀ.ਆਈ.ਐੱਸ.ਐੱਫ. ਦੇ ਅਸਿਸਟੈਂਟ ਕਮਾਡੈੰਟ ਨੇ ਕੀਤਾ ਡਾ.ਓਬਰਾਏ ਦਾ ਧੰਨਵਾਦ
ਅੰਮ੍ਰਿਤਸਰ, 7 ਅਗਸਤ (ਪੰਜਾਬ ਮੇਲ)- ਨਾਮਵਰ ਸਿੱਖ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁੜ ਸ੍ਰੀ ਗੁਰੂ  ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਯਾਤਰੂਆਂ ਦੀ ਸੁਰੱਖਿਆ ਲਈ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ(ਸੀ.ਆਈ.ਐੱਸ.ਐੱਫ.) ਦੇ ਜਵਾਨਾਂ ਲਈ ਵੱਡੀ ਮਾਤਰਾ ‘ਚ ਪੀ.ਪੀ.ਈ. ਕਿੱਟਾਂ,ਸੈਨੇਟਾਈਜ਼ਰ,ਸਰਜੀਕਲ ਦਸਤਾਨੇ,ਫ਼ੇਸ ਸ਼ੀਲਡਾਂ ਆਦਿ ਸਮਾਨ ਦਿੱਤਾ ਗਿਆ।
ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ,ਵਿੱਤ ਸਕੱਤਰ ਨਵਜੀਤ ਸਿੰਘ ਘਈ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਹੀਂ ਵੱਖ-ਵੱਖ ਵਿਸ਼ੇਸ਼ ਉਡਾਣਾਂ ਦੁਆਰਾ ਵਿਦੇਸ਼ ਅੰਦਰ ਆਪਣੇ ਘਰਾਂ ਨੂੰ ਜਾਣ ਅਤੇ ਆਪਣੇ ਵਤਨ ਪਰਤਣ ਵਾਲੇ ਯਾਤਰੂਆਂ ਦੀ ਸੁਰੱਖਿਆ ਲਈ ਤੈਨਾਤ ਸੀ.ਆਈ.ਐੱਸ.ਐਫ਼ ਦੇ ਅਧਿਕਾਰੀਆਂ ਵੱਲੋਂ ਕਰੋਨਾ ਵਾਇਰਸ ਦੀ ਮਾਰ ਤੋਂ ਬਚਣ ਵਾਸਤੇ ਟਰੱਸਟ ਕੋਲੋਂ ਸਿਹਤ  ਸੁਰੱਖਿਆ ਨਾਲ ਸਬੰਧਤ ਸਮਾਨ ਦੀ ਮੰਗ ਕੀਤੀ ਗਈ ਸੀ।ਜਿਸ ਤਹਿਤ ਟਰੱਸਟ ਵੱਲੋਂ ਸੀ.ਆਈ.ਐੱਸ.ਐੱਫ ਦੇ ਅਸਿਸਟੈਂਟ ਕਮਾਡੈੰਟ ਨੂੰ 200 ਪੀ.ਪੀ.ਈ.ਕਿੱਟਾਂ, ਵੱਖ-ਵੱਖ ਤਰ੍ਹਾਂ ਦਾ 60 ਲੀਟਰ ਸੈਨੇਟਾਇਜ਼ਰ,1000 ਸਰਜੀਕਲ ਦਸਤਾਨੇ ਅਤੇ 50 ਫ਼ੇਸ ਸ਼ੀਲਡਾਂ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਟਰੱਸਟ ਵੱਲੋਂ ਮੁੜ ਸੀ.ਆਈ.ਐੱਸ.ਐੱਫ. ਦਫ਼ਤਰ ਦੀ ਸਹਾਇਕ ਲੇਬਰ ਦੇ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ ਹਨ।
ਇਸ ਮੌਕੇ ਮੌਜੂਦ ਸੀ.ਆਈ.ਐੱਸ.ਐੱਫ ਦੇ ਅਸਿਸਟੈਂਟ ਕਮਾਡੈੰਟ ਵਿਜੈ ਚਕੋਰ ਨੇ ਇਸ ਵੱਡੇ ਉਪਰਾਲੇ ਲਈ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਭੇਜਿਆ ਸਮਾਨ ਏਅਰਪੋਰਟ ਤੇ ਮੂਹਰਲੀ ਕਤਾਰ ‘ਚ ਆਪਣੀ ਡਿਊਟੀ ਨਿਭਾ ਰਹੇ ਸੀ.ਆਈ.ਐੱਸ.ਐੱਫ ਦੇ ਜਵਾਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਸਹਾਈ ਹੋਵੇਗਾ ।
ਇਸ ਮੌਕੇ ਸੀ.ਆਈ.ਐੱਸ.ਐੱਫ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।


Share