ਸਰਬੱਤ ਦਾ ਭਲਾ ਟਰੱਸਟ ਦੀਆਂ ਲੈਬਾਰਟਰੀਆਂ ’ਚ ਹਰ ਮਹੀਨੇ 50 ਹਜ਼ਾਰ ਲੋਕ ਕਰਵਾ ਰਹੇ ਨੇ ਟੈਸਟ : ਡਾ. ਓਬਰਾਏ

23
ਲੈਬਾਰਟਰੀ ਦਾ ਉਦਘਾਟਨ ਕਰਨ ਮੌਕੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨਾਲ ਟਰੱਸਟ ਮੁੱਖੀ ਡਾ. ਐੱਸ.ਪੀ. ਸਿੰਘ ਓਬਰਾਏ, ਡਾ. ਸਤਨਾਮ ਸਿੰਘ ਨਿੱਝਰ, ਡਾ. ਗਿੱਲ, ਸੁਖਜਿੰਦਰ ਹੇਰ ਤੇ ਹੋਰ।
Share

-ਟਰੱਸਟ ਵੱਲੋਂ ਗੁਰੂ ਨਗਰੀ ’ਚ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ
– ਡਾ. ਐੱਸ.ਪੀ. ਸਿੰਘ ਓਬਰਾਏ ਦੇ ਬੇਮਿਸਾਲ ਸੇਵਾ ਕਾਰਜਾਂ ਨੇ ਹਮੇਸ਼ਾਂ ਪੰਜਾਬੀਅਤ ਦਾ ਮਾਣ ਵਧਾਇਆ : ਡਾ. ਨਿੱਜਰ
ਅੰਮਿ੍ਰਤਸਰ, 3 ਅਗਸਤ (ਪੰਜਾਬ ਮੇਲ)- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ੍ਹ ’ਚੋਂ ਹੀ ਕਰੋੜਾਂ ਰੁਪਏ ਸੇਵਾ ਕਾਰਜਾਂ ’ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ‘ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ’ ਦਾ ਉਦਘਾਟਨ ਅੰਮਿ੍ਰਤਸਰ ਵਿਖੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਟਰੱਸਟ ਮੁੱਖੀ ਡਾ. ਐੱਸ.ਪੀ. ਸਿੰਘ ਓਬਰਾਏ ਦੀ ਮੌਜੂਦਗੀ ’ਚ ਕੀਤਾ ਗਿਆ। ਸਮਾਗਮ ’ਚ ਟਰੱਸਟੀ ਡਾ. ਸਤਨਾਮ ਸਿੰਘ ਨਿੱਜਰ ਨੇ ਵੀ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਗੁਰੂ ਨਗਰੀ ਦੇ ਸਰਕਾਰੀ ਮੈਡੀਕਲ ਕਾਲਜ ਦੇ ਸਰਕੂਲਰ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਖੋਲ੍ਹੀ ਗਈ ਇਸ ਲੈਬਾਰਟਰੀ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਨਿੱਜਰ ਨੇ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ’ਚ ਨਿਭਾਈਆਂ ਜਾ ਰਹੀਆਂ ਮਿਸਾਲੀ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਔਖੀ ਘੜੀ ਵੇਲੇ ਸਭ ਤੋਂ ਪਹਿਲਾਂ ਅੱਗੇ ਆ ਕੇ ਲੋੜਵੰਦ ਲੋਕਾਂ ਲਈ ਨਿਭਾਈਆਂ ਜਾਂਦੀਆਂ ਨਿਸ਼ਕਾਮ ਸੇਵਾਵਾਂ ਦੀ ਬਦੌਲਤ ਸਮੁੱਚੇ ਪੰਜਾਬੀਆਂ ਦਾ ਮਾਣ ਪੂਰੀ ਦੁਨੀਆਂ ਅੰਦਰ ਵਧਿਆ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸਥਾਪਤ ਕੀਤੀ ਗਈ ਬਹੁਤ ਹੀ ਘੱਟ ਖ਼ਰਚੇ ਵਾਲੀ ਇਸ ਲੈਬਾਰਟਰੀ ਨਾਲ ਅੰਮਿ੍ਰਤਸਰ ਜ਼ਿਲ੍ਹੇ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।
ਇਸੇ ਦੌਰਾਨ ਗੱਲਬਾਤ ਕਰਦਿਆਂ ਟਰੱਸਟ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਪੰਜਾਬ ਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ’ਚ 70 ਲੈਬਾਰਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਹਰ ਮਹੀਨੇ ਲਗਭਗ 50 ਹਜ਼ਾਰ ਦੇ ਕਰੀਬ ਲੋਕ ਕੇਵਲ ਲਾਗਤ ਦਰਾਂ ’ਤੇ ਆਪਣੇ ਟੈਸਟ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਗੁਰੂ ਨਗਰੀ ਦੇ ਦੱਖਣੀ ਹਲਕੇ ਅੰਦਰ ਵੀ ਜਲਦ ਹੀ ਇਕ ਹੋਰ ਲੈਬਾਰਟਰੀ ਖੋਲ੍ਹਣ ਦੇ ਨਾਲ-ਨਾਲ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ’ਚ ਕੁਲੈਕਸ਼ਨ ਸੈਂਟਰ ਵੀ ਖੋਲ੍ਹੇ ਜਾਣਗੇ। ਡਾ. ਐੱਸ.ਪੀ. ਸਿੰਘ ਓਬਰਾਏ ਅਨੁਸਾਰ ਉਨ੍ਹਾਂ ਵੱਲੋਂ ਗੁਰੂ ਸਾਹਿਬ ਦੇ ਆਗਮਨ ਪੁਰਬ ਨੂੰ ਸਮਰਪਿਤ 100 ਲੈਬਾਰਟਰੀਆਂ ਸਥਾਪਿਤ ਕਰਨ ਦੇ ਮਿੱਥੇ ਗਏ ਟੀਚੇ ਨੂੰ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।
ਇਸ ਦੌਰਾਨ ਟਰੱਸਟ ਦੇ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ. ਦਲਜੀਤ ਸਿੰਘ ਗਿੱਲ, ਗੁਰਦੁਆਰਾ ਪ੍ਰਧਾਨ ਤੇ ਐੱਮ.ਐੱਸ. ਡਾ. ਕੇ.ਡੀ. ਸਿੰਘ, ਜਨਰਲ ਸਕੱਤਰ ਡਾ. ਜਗਦੇਵ ਸਿੰਘ ਕੁਲਾਰ, ਪਿ੍ਰੰਸੀਪਲ ਡਾ. ਰਾਜੀਵ ਦੇਵਗਨ, ਸਤਨਾਮ ਮਾਣਕ, ਟਰੱਸਟ ਦੇ ਮੀਡੀਆ ਸਲਾਹਕਾਰ ਰਵਿੰਦਰ ਰੌਬਿਨ, ਮਾਝਾ ਜੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸਲਾਹਕਾਰ ਸੁਖਦੀਪ ਸਿੱਧੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਸਿਸ਼ਪਾਲ ਸਿੰਘ ਲਾਡੀ, ਹਰਿੰਦਰ ਸਿੰਘ ਸੇਖੋਂ, ਪ੍ਰਧਾਨ ਪਿ੍ਰੰਸ ਧੁੰਨਾ ਪੱਟੀ, ਧਰਮਬੀਰ ਮਲਹਾਰ, ਵਿਸ਼ਾਲ ਸੂਦ, ਡਾ. ਜਗਦੀਪਕ ਸਿੰਘ, ਡਾ.ਪਰਮੀਤ ਕੌਰ ਬੱਗਾ, ਡਾ. ਸ਼ੈਲਪ੍ਰੀਤ ਕੌਰ ਸਿੱਧੂ, ਡਾ. ਅਮਨਦੀਪ ਸਿੰਘ, ਡਾ. ਪ੍ਰਤਾਪ ਸਿੰਘ ਮਲਹੋਤਰਾ, ਡਾ. ਕੁਲਦੀਪ ਸਿੰਘ ਸਿੱਧੂ, ਡਾ. ਤੇਜਬੀਰ ਸਿੰਘ, ਡਾ. ਗੁਰਪ੍ਰੀਤ ਕੌਰ ਰੰਧਾਵਾ ਸਮੇਤ ਟਰੱਸਟ ਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਵੀ ਮੌਜੂਦ ਸਨ।

Share