ਸਰਨਾ ਵੱਲੋਂ ਡੀ.ਐੱਸ.ਜੀ.ਐੱਮ.ਸੀ. ਅਧੀਨ ਚੱਲਦੀਆਂ ਫਰਜ਼ੀ ਕੰਪਨੀਆਂ ਦਾ ਪਰਦਾਫਾਸ਼ ਕਰਨ ਦਾ ਦਾਅਵਾ

195
Share

-ਸਵਾਲਾਂ ਦੇ ਘੇਰੇ ’ਚ ਸਿਰਸਾ
ਨਵੀਂ ਦਿੱਲੀ, 4 ਜਨਵਰੀ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦਿੱਲੀ-ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਤਹਿਤ ਚਲ ਰਹੇ ਫਰਜ਼ੀ ਕੰਪਨੀਆਂ ਦੇ ਸੈੱਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਡੀ.ਐੱਸ.ਜੀ.ਐੱਮ.ਸੀ. ਦੀ ਨਵੀਂ ਚੁਣੀ ਕਮੇਟੀ ਨੇ ਗੁਰਦੁਆਰਾ ਕਮੇਟੀ ਦੇ ਵੱਖ-ਵੱਖ ਦਫਤਰਾਂ ’ਤੇ ਇਕ ਤੋਂ ਬਾਅਦ ਇਕ ਛਾਪੇਮਾਰੀ ਕੀਤੀ। ਇਹ ਕਾਰਵਾਈ ਡੀ.ਐੱਸ.ਜੀ.ਐੱਮ.ਸੀ. ਦੇ ਨਵੇਂ ਚੁਣੇ ਗਏ ਪ੍ਰਧਾਨ ਕੁਲਵੰਤ ਸਿੰਘ ਬਾਠ, ਸ੍ਰੋਮਣੀ ਅਕਾਲੀ ਦਲ ਮੈਂਬਰ ਅਤੇ ਹਰਮੀਤ ਸਿੰਘ ਕਾਲਕਾ, ਡੀ.ਐੱਸ.ਜੀ.ਪੀ.ਸੀ. ਜਨਰਲ ਸਕੱਤਰ ਦੇ ਆਦੇਸ਼ ’ਤੇ ਕੀਤੀ ਗਈ। ਜਿਸ ਵਿਚ ਕਮੇਟੀ ਦੇ ਅਧਿਕਾਰਤ ਵਿਦਿਅਕ ਅਦਾਰੇ ਗੁਰੂ ਹਰਗੋਬਿੰਦ ਸਿੰਘ ਮੈਨੇਜਮੈਂਟ ਇੰਟੀਚਿਊਟ ’ਚ ਡੀ.ਐੱਸ.ਜੀ.ਪੀ.ਸੀ. ਮੈਂਬਰਾਂ ਦੁਆਰਾ ਖੁਦ ਦੇ ਇਕ ਰੀਅਲ ਸਟੇਟ ਧੰਦੇ, ਆਈ.ਟੀ. ਕੰਪਨੀ ਸਮੇਤ ਕਈ ਹੋਰ ਵਪਾਰ ਚਲਾਏ ਜਾ ਰਹੇ ਸਨ।
ਪੂਰੇ ਮਾਮਲੇ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਮੁਖੀ ਪਰਮਜੀਤ ਸਿੰਘ ਸਰਨਾ ਨੇ ਇਕ ਪੱਤਰਕਾਰ ਸੰਮੇਲਨ ਕੀਤਾ। ਸਰਨਾ ਨੇ ਕਿਹਾ ਕਿ ਡੀ.ਐੱਸ.ਜੀ.ਐੱਮ.ਸੀ. ਦੇ ਸਾਬਕਾ ਕਮੇਟੀ ਦੇ ਮੈਂਬਰਾਂ ਦੁਆਰਾ ਹੋਰ ਵੀ ਗੰਭੀਰ ਗੈਰ-ਕਾਨੂੰਨੀ ਕੰਮ ਕੀਤੇ ਜਾ ਰਹੇ ਹਨ। ਜਿਸ ਵਿਚ ਮਨਜਿੰਦਰ ਸਿਰਸਾ ਦੇ ਸਹਿਯੋਗੀ ਅਤੇ ਡੀ.ਐੱਸ.ਜੀ.ਐੱਮ.ਸੀ. ਦੇ ਮੈਂਬਰ ਜਸਨੈਨ ਸਿੰਘ ਸਮੇਤ ਕਈ ਹੋਰ ਸ਼ਾਮਲ ਹਨ। ਉਨ੍ਹਾਂ ਨਾ ਸਿਰਫ ਸਿਰਸਾ ਦੇ ਸਹਿਯੋਗੀ ਜਸਨੈਨ ਸਿੰਘ ਨੋਨੀ ਦੁਆਰਾ ਡੀ.ਐੱਸ.ਜੀ.ਪੀ.ਸੀ. ਅਸਟੇਟ ਦੀ ਦੁਰਵਰਤੋਂ ਦਾ ਖੁਲਾਸਾ ਕੀਤਾ, ਸਗੋਂ ਵਿਦਿਅਕ ਅਦਾਰੇ ਦੇ ਕੰਪਲੈਕਸ ’ਚ ਸ਼ੈੱਲ ਕੰਪਨੀਆਂ ਦੇ ਦਫਤਰ ਰਾਹੀਂ ਧੰਨ ਦੇ ਵੱਡੇ ਪੱਧਰ ’ਤੇ ਗਬਨ ਦਾ ਵੀ ਖੁਲਾਸਾ ਹੋਇਆ ਹੈ। ਸਰਨਾ ਨੇ ਕਿਹਾ, ‘ਛਾਪੇ ਨਾਲ ਸਿਰਸਾ ਦਾ ਵੱਡਾ ਘੋਟਾਲਾ ਸਾਹਮਣੇ ਆਇਆ ਹੈ। ਅਸੀਂ ਸਾਲਾਂ ਤੋਂ ਜੋ ਕਹਿੰਦੇ ਆ ਰਹੇ ਹਾਂ, ਉਸ ਲਈ ਅਸੀਂ ਸਹੀ ਸਾਬਿਤ ਹੋਏ ਹਾਂ ਕਿ ਇਹ ਅਪਰਾਧੀ ਗੁਰਦੁਆਰਾ ਸੋਮਿਆਂ ਦੀ ਖੁੱਲ੍ਹੇਆਮ ਦੁਰਵਰਤੋਂ ਕਰ ਰਿਹਾ ਸੀ।’
ਅਕਾਲੀ ਦਲ ਪ੍ਰਧਾਨ ਨੇ ਐਲਾਨ ਕੀਤਾ ਕਿ ਪੰਥਕ ਲੀਡਰਸ਼ਿਪ ਨੋਨੀ ਦੇ ਖਿਲਾਫ ਅਪਰਾਧਿਕ ਮੁਕਦਮਾ ਚਲਾਏਗਾ ਅਤੇ ਗੁਰੂ ਹਰਗੋਬਿੰਦ ਐਨਕਲੇਵ ’ਚ ਡੀ.ਐੱਸ.ਜੀ.ਐੱਮ.ਸੀ. ਦੀ ਸੰਪਤੀ ’ਚੋਂ ਕੱਢੇ ਗਏ ਹਰ ਪੈਸੇ ਨੂੰ ਟ੍ਰੈਕ ਕਰਨ ਲਈ ਕਾਨੂੰਨ ਦੀ ਮਦਦ ਲਵੇਗਾ।
ਵਿੱਤੀ ਫੋਰੈਂਸਿਕ ਤੋਂ ਪਤਾ ਚਲਿਆ ਹੈ ਕਿ ਜਸਨੈਨ ਨੋਨੀ ਅਸਲ ’ਚ ਸਿਰਸਾ ਦੇ ਆਦੇਸ਼ ’ਤੇ ਸ਼ੈੱਲ ਕੰਪਨੀਆਂ ਚਲਾਉਂਦਾ ਸੀ। ਇਨ੍ਹਾਂ ਸ਼ੈੱਲ ਕੰਪਨੀਆਂ ਦੀ ਅਸਲੀ ਮਲਕੀਅਤ ਸਿਰਸਾ ਕੋਲ ਹੀ ਸੀ। ਇਨ੍ਹਾਂ ਕੰਪਨੀਆਂ ਤੋਂ ਪੈਸੇ ਕੈਸ਼ ਰਾਹੀਂ ਸਿਰਸਾ ਤੱਕ ਪਹੁੰਚ ਰਹੇ ਸਨ। ਹਵਾਲਾ ਰਾਹੀਂ ਵਿਦੇਸ਼ਾਂ ’ਚ ਵੀ ਪੈਸਾ ਭੇਜਿਆ ਗਿਆ ਹੈ।
ਸਰਨਾ ਨੇ ਦੱਸਿਆ ਕਿ ਗੁਰੂ ਘਰ ਦੇ ਪਵਿੱਤਰ ਸਥਾਨ ਨੂੰ ਮਾਫੀਆਗਿਰੀ ਅਤੇ ਭਿ੍ਰਸ਼ਟਾਚਾਰ ਦਾ ਅੱਡਾ ਬਣਾਉਣ ਵਾਲਿਆਂ ਨੂੰ ਨਾ ਗੁਰੂ ਮੁਆਫ ਕਰਨਗੇ, ਨਾ ਹੀ ਸੰਗਤ, ਨਾ ਹੀ ਕਾਨੂੰਨ ਅਤੇ ਨਾ ਹੀ ਅਸੀਂ। ਗੁਰਦੁਆਰਾ ਕਮੇਟੀ ਦੇ ਸਫਾਈ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜੇ ਤਾਂ ਇਕ ਛੋਟਾ ਕੂੜਾ ਨਿਕਲਿਆ ਹੈ, ਅਜੇ ਤੁਹਾਡੇ ਸਾਹਮਣੇ ਕੂੜੇ ਦਾ ਪੂਰਾ ਢੇਰ ਆਏਗਾ।

Share