ਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਕਰੋਨਾ ਦਾ ਕਹਿਰ; ਚੀਨ ਨੇ ਸ਼ਿਆਨ ਸ਼ਹਿਰ ’ਚ ਲਾਇਆ ਲੌਕਡਾਊਨ

412
ਚੀਨ ਦੇ ਸ਼ਾਨਕੀ ਪ੍ਰਾਂਤ ’ਚ ਕਰੋਨਾ ਟੈਸਟ ਕਰਵਾਉਣ ਲਈ ਲਾਈਨ ’ਚ ਖੜ੍ਹੇ ਲੋਕ।
Share

ਪੇਈਚਿੰਗ, 24 ਦਸੰਬਰ (ਪੰਜਾਬ ਮੇਲ)- ਚੀਨ ਨੇ ਕਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧਣ ਮਗਰੋਂ 1.3 ਕਰੋੜ ਦੀ ਵਸੋਂ ਵਾਲੇ ਉੱਤਰੀ ਸ਼ਹਿਰ ਸ਼ਿਆਨ ’ਚ ਲੌਕਡਾਊਨ ਲਾ ਦਿੱਤਾ ਹੈ। ਸਰਦ ਰੁੱਤ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਤੋਂ ਕੁਝ ਹਫ਼ਤੇ ਪਹਿਲਾਂ ਮੁਲਕ ’ਚ ਕਰੋਨਾਵਾਇਰਸ ਲਾਗ ਦੇ ਮਾਮਲੇ ਵਧਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਕੀ ਤੇਜ਼ੀ ਨਾਲ ਵਧ ਰਹੇ ਮਾਮਲੇ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਹਨ ਜਾਂ ਡੈਲਟਾ ਰੂਪ ਦੇ। ਚੀਨ ਵਿਚ ਓਮੀਕਰੋਨ ਦੇ ਹੁਣ ਤੱਕ ਮਹਿਜ਼ ਸੱਤ ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ ਚਾਰ ਗੁਆਂਗਝੂ ਦੇ ਦੱਖਣੀ ਪੁਨਰ-ਨਿਰਮਾਣ ਕੇਂਦਰ, ਦੋ ਦੱਖਣੀ ਸ਼ਹਿਰ ਚਾਂਗਸ਼ਾ ਅਤੇ ਇੱਕ ਤਿਆਨਜਿਨ ਦੀ ਉੱਤਰੀ ਬੰਦਰਗਾਹ ਵਿਚ ਹਨ।
ਸ਼ਿਆਨ ਸ਼ਾਂਕਸੀ ਪ੍ਰਾਂਤ ਦੀ ਰਾਜਧਾਨੀ ਹੈ, ਜਿੱਥੇ ਲਾਗ ਫੈਲਣ ਦੇ ਮਾਮਲੇ ਵਧ ਕੇ 211 ਹੋ ਗਏ ਹਨ। ਸਰਕਾਰੀ ਮੀਡੀਆ ਮੁਤਾਬਕ ਅਧਿਕਾਰੀਆਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਘਰਾਂ ’ਚ ਰਹਿਣ ਦਾ ਹੁਕਮ ਦਿੱਤਾ ਹੈ, ਜਦਕਿ ਉਨ੍ਹਾਂ ਦਾ ਘਰੋਂ ਨਿਕਲਣਾ ਜ਼ਰੂਰੀ ਨਾ ਹੋਵੇ। ਖ਼ਾਸ ਮਾਮਲਿਆਂ ਤੋਂ ਇਲਾਵਾ ਸ਼ਹਿਰ ਤੋਂ ਆਉਣ-ਜਾਣ ਵਾਲੇ ਆਵਾਜਾਈ ਦੇ ਸਾਰੇ ਸਾਧਨ ਬੰਦ ਕਰ ਦਿੱਤੇ ਗਏ ਹਨ। ਹੁਕਮ ’ਚ ਕਿਹਾ ਗਿਆ ਹੈ ਕਿ ਹਰ ਘਰ ਦੇ ਇੱਕ ਵਿਅਕਤੀ ਨੂੰ ਹਰ ਦੋ ਦਿਨ ਵਿਚ ਘਰੇਲੂ ਜ਼ਰੂਰਤ ਦਾ ਸਾਮਾਨ ਖ਼ਰੀਦਣ ਲਈ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇਗੀ। ਹੁਕਮ ਬੁੱਧਵਾਰ ਅੱਧੀ ਰਾਤ ਤੋਂ ਲਾਗੂ ਹੋਇਆ ਹੈ, ਇਸ ਨੂੰ ਕਦੋਂ ਹਟਾਇਆ ਜਾਵੇਗਾ, ਅਜੇ ਇਸ ਸਬੰਧੀ ਕੁਝ ਨਹੀਂ ਦੱਸਿਆ ਗਿਆ।

Share