ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਨੂੰ ਲੈ ਕੇ ਸੋਧੇ ਦਿਸ਼ਾ-ਨਿਰਦੇਸ਼ ਜਾਰੀ

485
Demo Pic
Share

ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਮੇਲ)- ਸਰਕਾਰ ਵੱਲੋਂ ਬੁੱਧਵਾਰ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਨੂੰ ਲੈ ਕੇ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਅਨੁਸਾਰ 25 ਅਕਤੂਬਰ ਤੋਂ ਭਾਰਤ ਆਉਣ ਵਾਲੇ ਜਿਨ੍ਹਾਂ ਯਾਤਰੀਆਂ ਨੇ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਵਾਨਿਤ ਕੋਵਿਡ-19 ਟੀਕੇ ਲਗਵਾਏ ਹੋਏ ਹਨ, ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਘਰਾਂ ’ਚ 7 ਦਿਨਾਂ ਦੇ ਇਕਾਂਤਵਾਸ ’ਚ ਰਹਿਣ ਜਾਂ ਕੋਵਿਡ ਟੈਸਟਿੰਗ ਨਹੀਂ ਕਰਵਾਉਣੀ ਪਵੇਗੀ। ਇਨ੍ਹਾਂ ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਭ ਅੰਤਰਰਾਸ਼ਟਰੀ ਆਮਦ ਵਾਲੇ ਯਾਤਰੀਆਂ ਨੂੰ ਕੋਵਿਡ-19 ਆਰ.ਟੀ.-ਪੀ. ਸੀ. ਆਰ. ਦੀ ਨੈਗੇਟਿਵ ਰਿਪੋਰਟ ਲਾਜ਼ਮੀ ਤੌਰ ’ਤੇ ਪੇਸ਼ ਕਰਨੀ ਹੋਵੇਗੀ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸੋਧੇ ਦਿਸ਼ਾ-ਨਿਰਦੇਸ਼ ਅੰਤਰਰਾਸ਼ਟਰੀ ਯਾਤਰੀਆਂ ਲਈ 17 ਫਰਵਰੀ 2021 ਨੂੰ ਇਸ ਵਿਸ਼ੇ ਸਬੰਧੀ ਜਾਰੀ ਕੀਤੇ ਗਏ ਸਭ ਦਿਸ਼ਾ-ਨਿਰਦੇਸ਼ਾਂ ਦੇ ਉਲਟ ਹਨ ਤੇ ਇਹ ਨਵਾਂ ਦਸਤਾਵੇਜ਼ ਅੰਤਰਰਾਸ਼ਟਰੀ ਆਮਦ ਵਾਲੇ ਯਾਤਰੀਆਂ ਲਈ ਪ੍ਰੋਟੋਕੋਲ ਮੁਹੱਈਆ ਕਰਦਾ ਹੈ, ਜਿਸ ਤਹਿਤ ਉਨ੍ਹਾਂ ਨੂੰ ਦੇਸ਼ ’ਚ ਦਾਖਲ ਹੋਣ ਵਾਲੇ ਸਥਾਨਾਂ ਹਵਾਈ ਅੱਡਿਆਂ, ਸਮੁੰਦਰੀ ਬੰਦਰਗਾਹਾਂ ਤੇ ਜ਼ਮੀਨੀ ਸਰਹੱਦਾਂ ’ਤੇ ਇਸ ਦੀ ਪਾਲਣਾ ਕਰਨੀ ਹੋਵੇਗੀ। ਸਿਹਤ ਮੰਤਰਾਲੇ ਅਨੁਸਾਰ ਭਾਰਤ ਨੇ 11 ਦੇਸ਼ਾਂ ਯੂ. ਕੇ., ਫਰਾਂਸ, ਜਰਮਨੀ, ਨੇਪਾਲ, ਬੇਲਾਰੂਸ. ਲਿਬਨਾਨ, ਅਰਮੀਨੀਆ, ਯੂਕਰੇਨ, ਬੈਲਜੀਅਮ, ਹੰਗਰੀ ਤੇ ਸਰਬੀਆ ਨਾਲ ਕੌਮੀ ਪੱਧਰ ’ਤੇ ਜਾਂ ਵਿਸ਼ਵ ਸਿਹਤ ਸੰਗਠਨ ਦੁਆਰਾ ਮਾਨਤਾ ਪ੍ਰਾਪਤ ਕੋਵਿਡ-19 ਟੀਕਿਆਂ ਦੀ ਆਪਸੀ ਮਾਨਤਾ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ।

Share