ਸਰਕਾਰ ਦੀ ਚੇਤਾਵਨੀ, ਕੋਰੋਨਾ ਦੀ ਤੀਜੀ ਲਹਿਰ ਮਚਾਏਗੀ ਤਬਾਹੀ

378
Share

ਨਵੀਂ ਦਿੱਲੀ, 6 ਮਈ (ਪੰਜਾਬ ਮੇਲ)- ਇਸ ਸਮੇਂ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਪਰ ਤੀਜੀ ਲਹਿਰ ਆਉਣ ਦੀ ਭਵਿੱਖਬਾਣੀ ਹੋ ਚੁੱਕੀ ਹੈ। ਕੋਰੋਨਾ ਦੀ ਤੀਜੀ ਲਹਿਰ ਦਾ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਇਹ ਦਾਅਵਾ ਕੇਂਦਰ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਵਿਜੇ ਰਾਘਵਨ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਆਵੇਗੀ ਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇੱਥੇ ਜਾਣੋ ਵਿਗਿਆਨਕ ਸਲਾਹਕਾਰ ਰਾਘਵਨ ਦੇ ਦਾਅਵੇ ਬਾਰੇ ਵੱਡੀਆਂ ਗੱਲਾਂ:

ਵਿਜੇ ਰਾਘਵਨ ਨੇ ਚੇਤਾਵਨੀ ਦਿੱਤੀ ਹੈ ਕਿ ਜਿਵੇਂ ਕਿ ਸਾਰਸ-ਸੀਓਵੀ 2 ‘ਚ ਹੋਰ ਬਦਲਾਅ ਹੋ ਰਿਹਾ ਹੈ। ਇਸ ਲਈ ਨਵੀਆਂ ਲਹਿਰਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਤੀਬਰਤਾ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਸੀ।

ਦੇਸ਼ ਦੇ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਪਹਿਲੀ ਲਹਿਰ ‘ਚ ਘੱਟ ਸਾਵਧਾਨੀ ਉਪਾਅ ਤੇ ਲੋਕਾਂ ਵੱਲੋਂ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਨਾ ਕਰਨ ਕਰਕੇ ਦੂਜੀ ਲਹਿਰ ਹੋਰ ਤੇਜ਼ ਹੋ ਰਹੀ ਹੈ। ਹੁਣ ਤਕ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਤੇ ਲੱਖਾਂ ਲੋਕ ਸਾਰੇ ਦੇਸ਼ ‘ਚ ਸੰਕਰਮਿਤ ਹੋ ਚੁੱਕੇ ਹਨ।

ਮੁੱਖ ਵਿਗਿਆਨਕ ਸਲਾਹਕਾਰ ਅਨੁਸਾਰ ਜਦੋਂ ਟੀਕਾਕਰਨ ਵਧੇਗਾ ਤਾਂ ਵਾਇਰਸ ਲੋਕਾਂ ਨੂੰ ਸੰਕਰਮਿਤ ਕਰਨ ਦੇ ਨਵੇਂ ਤਰੀਕੇ ਲੱਭੇਗਾ, ਜਿਸ ਲਈ ਸਾਨੂੰ ਤਿਆਰ ਰਹਿਣਾ ਪਵੇਗਾ। ਵਾਇਰਸ ਆਪਣਾ ਰੂਪ ਬਦਲਦਾ ਰਹਿੰਦਾ ਹੈ। ਇਸ ਲਈ ਸਾਨੂੰ ਟੀਕੇ ਤੇ ਹੋਰ ਪਹਿਲੂਆਂ ਬਾਰੇ ਰਣਨੀਤੀ ਨੂੰ ਬਦਲਦੇ ਰਹਿਣਾ ਹੋਵੇਗਾ।

ਦੂਜੀ ਲਹਿਰ ਦੇ ਬਹੁਤ ਸਾਰੇ ਫੈਕਟਰ ਹਨ, ਜਿਸ ‘ਚ ਕੋਰੋਨਾ ਦੇ ਨਵੇਂ ਰੂਪ ਵੀ ਇਕ ਫੈਕਟਰ ਹਨ। ਦੂਜੀ ਲਹਿਰ ਇਸ ਲਈ ਵਧੀ, ਕਿਉਂਕਿ ਜਿਹੜੀ ਇਮਿਊਨਿਟੀ ਬਣੀ ਸੀ, ਉਹ ਇੰਨੀ ਨਹੀਂ ਸੀ ਕਿ ਲਾਗ ਨੂੰ ਰੋਕਿਆ ਜਾ ਸਕੇ। ਕੋਰੋਨਾ ਦੀ ਪਹਿਲੀ ਲਹਿਰ ਦੋ ਕਾਰਨਾਂ ਕਰਕੇ ਘੱਟ ਹੋਈ ਸੀ, ਜਿਨ੍ਹਾਂ ਲੋਕਾਂ ਨੂੰ ਇਨਫ਼ੈਕਸ਼ਨ ਹੋਇਆ, ਉਨ੍ਹਾਂ ‘ਚ ਇਮਿਊਨਿਟੀ ਆਈ ਅਤੇ ਮਾਸਕ, ਸੋਸ਼ਲ ਡਿਸਟੈਂਸਿੰਗ ਸਮੇਤ ਬਚਾਅ ਵਜੋਂ ਜਿਹੜੇ ਕਦਮ ਚੁੱਕੇ ਗਏ, ਉਸ ਨਾਲ ਲਾਗ ਫੈਲਣੀ ਘੱਟ ਹੋਈ ਪਰ ਜਦੋਂ ਬਚਾਅ ਦੇ ਕਦਮਾਂ ‘ਚ ਢਿਲਾਈ ਵਰਤੀ ਤਾਂ ਲਾਗ ਦੁਬਾਰਾ ਫੈਲਣੀ ਸ਼ੁਰੂ ਹੋਈ। ਵਿਗਿਆਨੀ ਦਾ ਕਹਿਣਾ ਹੈ ਕਿ ਕਈ ਲੋਕ ਨਵੀਂ ਇਮਿਊਨਿਟੀ ਸੀਮਾ ‘ਤੇ ਪਹੁੰਚਣ ਤੋਂ ਪਹਿਲਾਂ ਹੀ ਸੰਕਰਮਿਤ ਹੋ ਜਾਂਦੇ ਹਨ। ਅਜਿਹੀ ਦੂਜੀ ਲਹਿਰ ਆਮ ਤੌਰ ‘ਤੇ ਪਹਿਲੀ ਦੇ ਮੁਕਾਬਲੇ ਛੋਟੀ ਹੁੰਦੀ ਹੈ। ਦੂਜੀ ਲਹਿਰ ਦੀ ਅਜਿਹੀ ਹੀ ਉਮੀਦ ਕੀਤੀ ਗਈ ਸੀ।ਸਾਰਸ-ਸੀਓਵੀ 2 ਦੀ ਤਬਦੀਲੀ ਅਤੇ ਇਸ ਦੀ ਵੱਧ ਰਹੀ ਸੰਭਾਵਨਾ ਬਾਰੇ ਵਿਸਥਾਰ ‘ਚ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਾਇਰਸ ਸਾਲ 2019 ‘ਚ ਵੁਹਾਨ ਵਿੱਚ ਪੈਦਾ ਹੋਇਆ ਸੀ ਅਤੇ ਉਸ ਸਮੇਂ ਇਹ ਆਮ ਸੀ ਜੋ ਬਹੁਤ ਸਾਰੀਆਂ ਥਣਧਾਰੀ ਜਾਤੀਆਂ ਨੂੰ ਸੰਕਰਮਿਤ ਕਰ ਸਕਦੀ ਸੀ। ਉਨ੍ਹਾਂ ਕਿਹਾ, “2021 ਦੀ ਸ਼ੁਰੂਆਤ ‘ਚ ਪੂਰੀ ਦੁਨੀਆਂ ‘ਚ ਵੱਡੀ ਗਿਣਤੀ ‘ਚ ਲੋਕ ਸੰਕਰਮਿਤ ਹੋਏ। ਇਮਿਊਨਿਟੀ ਵਧਣ ਦੇ ਨਾਲ ਵਾਇਰਸ ਨੂੰ ਵਧਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਉਸ ਨੂੰ ਕੁਝ ਅਜਿਹੇ ਵਿਸ਼ੇਸ਼ ਖੇਤਰ ਮਿਲੇ, ਜਿੱਥੇ ਇਹ ਫੈਲ ਸਕਦਾ ਹੈ। ਇਸ ਲਈ ਇਹ ਬਿਹਤਰ ਤਰੀਕੇ ਨਾਲ ਫੈਲਣ ਲਈ ਬਦਲਦਾ ਹੈ।” ਉਨ੍ਹਾਂ ਕਿਹਾ ਕਿ ਦੂਰੀ ਬਣਾ ਕੇ ਰੱਖਣ ਨਾਲ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਕੋਵਿਡ ਦੇ ਅਨੁਕੂਲ ਵਿਵਹਾਰ ਦੀ ਪਾਲਣਾ ਕਰਨ ‘ਤੇ ਜ਼ੋਰ ਦਿੱਤਾ ਅਤੇ ਕਿਹਾ, “ਇਹ ਵਾਇਰਸ ਮਨੁੱਖ ਤੋਂ ਮਨੁੱਖ ਤਕ ਹੀ ਫੈਲ ਸਕਦਾ ਹੈ।”


Share