ਸਰਕਾਰ ਕੋਵਿਡ-19 ਸਿਹਤ ਸੰਕਟ ਨਾਲ ਨਜਿੱਠਣ ਲਈ ਤਿਆਰ : ਬਾਇਡਨ

147
Share

* ਕਿਹਾ-ਵੈਕਸੀਨੇਸ਼ਨ ਹੀ ਵਾਇਰਸ ਵਿਰੁੱਧ ਮਜ਼ਬੂਤ ਰੱਖਿਆ ਦੀਵਾਰ ਹੈ
* ਅਮਰੀਕੀਆਂ ਨੂੰ ਮਾਸਕ ਜ਼ਰੂਰੀ ਪਹਿਣਨ ਲਈ ਕਿਹਾ
ਸੈਕਰਾਮੈਂਟੋ, 5 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਤੇਜ਼ੀ ਨਾਲ ਫੈਲਣ ਦੀ ਸਮਰੱਥਾ ਰੱਖਦੇ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਕਾਰਨ ਵਧ ਰਹੇ ਕੋਵਿਡ ਮਾਮਲਿਆਂ ਦਰਮਿਆਨ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਵਾਰ ਫਿਰ ਅਮਰੀਕੀਆਂ ਨੂੰ ਭਰੋਸਾ ਦਿੱਤਾ ਕਿ ਸੰਘੀ ਸਰਕਾਰ ਸਿਹਤ ਸੰਕਟ ਨਾਲ ਨਜਿੱਠਣ ਲਈ ਤਿਆਰ ਹੈ। ਵਾਈਟ ਹਾਊਸ ਕੋਵਿਡ-19 ਰਿਸਪਾਂਸ ਟੀਮ ਨਾਲ ਮੀਟਿੰਗ ਤੋਂ ਪਹਿਲਾਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਕ ਵਾਰ ਫਿਰ ਅਮਰੀਕੀਆਂ ਨੂੰ ਕਿਹਾ ਕਿ ਉਹ ਵੈਕਸੀਨ ਲਵਾਉਣ ਤੇ ਮਾਸਕ ਜ਼ਰੂਰ ਪਹਿਣਨ, ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਹਰ ਅਮਰੀਕੀ ਲਈ ਵੈਕਸੀਨ ਤੇ ਬੂਸਟਰ ਖੁਰਾਕ ਮੌਜੂਦ ਹੈ ਪਰੰਤੂ ਅਜੇ ਸਾਢੇ ਤਿੰਨ ਕਰੋੜ ਬਾਲਗਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੈ। ਉਨ੍ਹਾਂ ਕਿਹਾ ਟੀਕਾਕਰਣ ਹੀ ਵਾਇਰਸ ਵਿਰੁੱਧ ਮਜਬੂਤ ਰੱਖਿਆ ਦੀਵਾਰ ਹੈ। ਰਾਸ਼ਟਰਪਤੀ ਨੇ ਕਿਹਾ, ‘‘ਓਮੀਕਰੋਨ ਕਾਰਨ ਗੰਭੀਰ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਾਡੇ ਕੋਲ ਸਾਧਨ ਹਨ, ਜੇਕਰ ਲੋਕ ਇਹ ਸਾਧਨ ਵਰਤਣ ਲਈ ਤਿਆਰ ਹਨ।’’ ਉਨ੍ਹਾਂ ਕਿਹਾ, ‘‘2022 ਵਿਚ ਸਾਡੇ ਕੋਲ ਆਸਵੰਦ ਹੋਣ ਦੇ ਕਈ ਕਾਰਨ ਮੌਜੂਦ ਹਨ, ਪਰੰਤੂ ਕਿ੍ਰਪਾ ਕਰਕੇ ਉਸ ਪ੍ਰਮਾਤਮਾ ਦੀ ਖਾਤਿਰ ਜੋ ਕੁਝ ਸਾਡੇ ਕੋਲ ਹੈ, ਉਸ ਦਾ ਲਾਹਾ ਲਿਆ ਜਾਵੇ।’’ ਰਾਸ਼ਟਰਪਤੀ ਨੇ ਸਕੂਲ ਖੋਲ੍ਹਣ ਦੀ ਮਹੱਤਤਾ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਫਾਈਜ਼ਰ ਤੋਂ ਕੋਵਿਡ ਦੇ ਇਲਾਜ ਲਈ ਗੋਲੀਆਂ ਖਰੀਦਣ ਦਾ ਆਰਡਰ ਦੁੱਗਣਾ ਕਰ ਦਿੱਤਾ ਹੈ ਤੇ ਹੁਣ ਇਕ ਕਰੋੜ ਦੀ ਬਜਾਏ 2 ਕਰੋੜ ਗੋਲੀਆਂ ਖਰੀਦੀਆਂ ਜਾ ਰਹੀਆਂ ਹਨ। ਇਥੇ ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਬੀਤੇ ਸੋਮਵਾਰ ਪਹਿਲੀ ਵਾਰ ਓਮੀਕਰੋਨ ਵਾਇਰਸ ਦੇ 10 ਲੱਖ ਮਾਮਲੇ ਸਾਹਮਣੇ ਆਏ ਹਨ, ਜਦਕਿ ਇਸ ਤੋਂ ਪਹਿਲਾਂ ਸਭ ਤੋਂ ਵਧ ਮਾਮਲੇ ਬੀਤੇ ਵੀਰਵਾਰ 5,91,000 ਆਏ ਸਨ। ਜੌਹਨਜ਼ ਹੋਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਪਿਛਲੇ ਹਫਤੇ ਹਰ 100 ਅਮਰੀਕਨਾਂ ਪਿੱਛੇ ਇਕ ਅਮਰੀਕੀ ਕੋਵਿਡ ਵਾਇਰਸ ਦੀ ਲਪੇਟ ਵਿਚ ਆਇਆ ਹੈ। ਵਧੇ ਮਾਮਲਿਆਂ ਕਾਰਨ ਹਸਪਤਾਲਾਂ ਉਪਰ ਦਬਾਅ ਵਧ ਗਿਆ ਹੈ। ਅਮਲੇ ਦੀ ਪੈਦਾ ਹੋਈ ਘਾਟ ਕਾਰਨ ਕੰਪਨੀਆਂ ਨੂੰ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਹਨ ਤੇ ਸਕੂਲ ਬੱਚਿਆਂ ਨੂੰ ਨਿੱਜੀ ਤੌਰ ’ਤੇ ਪੜ੍ਹਾਈ ਕਰਵਾਉਣ ਦੀਆਂ ਯੋਜਨਾਵਾਂ ਉਪਰ ਮੁੜ ਵਿਚਾਰ ਕਰਨ ਲਈ ਮਜਬੂਰ ਹੋਏ ਹਨ।

Share