ਸਰਕਾਰ ਅਤੇ ਕਿਸਾਨ ਮਾਮਲੇ ਦੇ ਹੱਲ ਲਈ ਗੱਲਬਾਤ ਦੇ ਦਰ ਰੱਖਣ ਖੁੱਲੇ  : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

136
Share

ਅੰਮ੍ਰਿਤਸਰ, 29 ਜਨਵਰੀ (ਪੰਜਾਬ ਮੇਲ)- ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਪੈਦਾ ਹੋਈ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਵਿਚ ਸਰਕਾਰ ਅਤੇ ਕਿਸਾਨ ਦੋਵਾਂ ਧਿਰਾਂ ਨੂੰ ਆਖਿਆ ਕਿ ਉਹ ਮਾਮਲੇ ਦੇ ਹੱਲ ਲਈ ਗੱਲਬਾਤ ਦੇ ਦਰ ਖੁੱਲੇ ਰੱਖਣ। ਇਸ ਮਸਲੇ ਨੂੰ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ ਅਤੇ ਦੋਵੇਂ ਧਿਰਾਂ ਇਸ ਮਾਮਲੇ ਨੂੰ ਹੱਲ ਕਰਨ ਲਈ ਜੇ ਇਕ-ਇਕ ਕਦਮ ਪਿਛਾਂਹ ਖਿੱਚਦੀਆਂ ਹਨ ਤਾਂ ਇਸ ਵਿਚ ਕੁਝ ਵੀ ਮਾੜਾ ਨਹੀਂ ਹੈ। ਵੀਡਿਓ ਸੁਨੇਹੇ ਰਾਹੀਂ ਉਨ੍ਹਾਂ ਆਖਿਆ ਕਿ ਇਹ ਮਾਮਲਾ ਸਿਰਫ ਗੱਲਬਾਤ ਰਾਹੀਂ ਹੀ ਨਿੱਬੜ ਸਕਦਾ ਹੈ। ਇਸ ਲਈ ਮਾਮਲੇ ਦਾ ਹੱਲ ਕਰਨ ਵਾਸਤੇ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰਹਿਣੇ ਚਾਹੀਦੇ ਹਨ। ਇਸ ਮਾਮਲੇ ਵਿਚ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਇਕ ਕਦਮ ਸਰਕਾਰ ਪਿੱਛੇ ਹਟੇ ਅਤੇ ਇਕ ਕਦਮ ਕਿਸਾਨ ਪਿੱਛੇ ਹਟਣ। 26 ਜਨਵਰੀ ਨੂੰ ਦਿੱਲੀ ਵਿਖੇ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨਾਲ ਅਸਹਿਮਤੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਅੰਦੋਲਨ ਨੂੰ ਢਾਹ ਲੱਗੀ ਹੈ। ਅੰਦੋਲਨ ਵਿਚ ਸਫਲਤਾ ਅਤੇ ਨਾਕਾਮੀ ਦੋਵਾਂ ਵਾਸਤੇ ਹੀ ਆਗੂ ਜ਼ਿੰਮੇਵਾਰ ਹੁੰਦੇ ਹਨ। ਜੇ ਕੁਝ ਅਣਸੁਖਾਵਾਂ ਵਾਪਰਿਆ ਹੈ ਤਾਂ ਉਸ ਲਈ ਵੀ ਕਿਸਾਨ ਆਗੂ ਹੀ ਜ਼ਿੰਮੇਵਾਰ ਹਨ। ਹਿੰਸਕ ਘਟਨਾਵਾਂ ਦੌਰਾਨ ਕਿਸਾਨਾਂ ਜਾਂ ਪੁਲੀਸ ਵਾਲਿਆਂ ਕਿਸੇ ਦੀ ਵੀ ਮਾਰ ਕੁਟਾਈ ਹੋਈ ਹੈ, ਉਸ ਨੂੰ ਸਹਿਮਤੀ ਨਹੀਂ ਦਿੱਤੀ ਜਾ ਸਕਦੀ। ਲਾਲ ਕਿਲ੍ਹੇ ਦੇ ਬਾਹਰ ਖਾਲੀ ਪੋਲ ’ਤੇ ਨਿਸ਼ਾਨ ਸਾਹਿਬ ਝੁਲਾਉਣ ਨੂੰ ਬੇਲੋੜਾ ਵਾਵੇਲਾ ਆਖਦਿਆਂ ਉਨ੍ਹਾਂ ਕਿਹਾ ਕਿ ਹਰ ਸਾਲ ਫਤਹਿ ਦਿਵਸ ਮੌਕੇ ਦਿੱਲੀ ਕਮੇਟੀ ਵਲੋਂ ਲਾਲ ਕਿਲ੍ਹੇ ਦੀਆਂ ਕੰਧਾਂ ’ਤੇ ਖਾਲਸਾਈ ਨਿਸ਼ਾਨ ਸਾਹਿਬ ਲਾਏ ਜਾਂਦੇ ਹਨ। ਗਲਵਾਨ ਘਾਟੀ ਵਿਚ ਖਾਲਸਾਈ ਨਿਸ਼ਾਨ ਸਾਹਿਬ ਫਹਿਰਾਇਆ ਗਿਆ ਹੈ ਅਤੇ ਗਣਤੰਤਰ ਦਿਵਸ ਦੀਆਂ ਝਾਕੀਆਂ ਵਿਚ ਸ਼ਾਮਲ ਗੁਰਦੁਆਰੇ ਦੇ ਬਾਹਰ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੇਲੋੜਾ ਵਾਵੇਲਾ ਕਰਨਾ ਠੀਕ ਨਹੀਂ ਹੈ। ਸਗੋਂ ਗੁਰਦੁਆਰੇ ’ਤੇ ਲੱਗੇ ਇਸ ਨਿਸ਼ਾਨ ਸਾਹਿਬ ਦਾ ਇਕ ਖਾਸ ਮਤਲਬ ਹੁੰਦਾ ਹੈ, ਜਿਸ ਦਾ ਭਾਵ ਇਹ ਹੈ ਕਿ ਇਥੇ ਨਿਆਸਰੇ ਨੂੰ ਆਸਰਾ, ਭੁੱਖੇ ਨੂੰ ਲੰਗਰ ਅਤੇ ਸ਼ਰਨ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਖਾਲਿਸਤਾਨੀ ਝੰਡਾ ਕਹਿ ਕੇ ਭੰਡੀ ਪ੍ਰਚਾਰ ਕਰਨਾ ਠੀਕ ਨਹੀਂ ਹੈ ਅਤੇ ਇਸ ਮਾਮਲੇ ਵਿਚ ਬੇਦੋਸ਼ੇ ਤੇ ਮਾਸੂਮ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨਾ ਜਾਇਜ਼ ਨਹੀਂ ਹੈ।


Share