ਸਰਕਾਰੀ ਸਨਮਾਨ ਵਾਪਸ ਕਰਨ ਵਾਲੇ ਡਾ. ਵਰਿੰਦਰਪਾਲ ਸਿੰਘ ਦਾ ਸੈਕਰਾਮੈਂਟੋ ਪੁੱਜਣ ’ਤੇ ਨਿੱਘਾ ਸਵਾਗਤ

201
ਵਿਸ਼ੇਸ਼ ਮਿਲਣੀ ਦੌਰਾਨ ਡਾ. ਵਰਿੰਦਰਪਾਲ ਸਿੰਘ ਨਾਲ ਇਕ ਸਾਂਝੀ ਤਸਵੀਰ ਦੌਰਾਨ ਹਾਜ਼ਰ ਸ਼ਖਸੀਅਤਾਂ।
Share

ਸੈਕਰਾਮੈਂਟੋ, (ਪੰਜਾਬ ਮੇਲ)- ਡਾ. ਵਰਿੰਦਰਪਾਲ ਸਿੰਘ ਉਹ ਵਿਗਿਆਨੀ ਹਨ, ਜਿਨ੍ਹਾਂ ਨੇ ਆਪਣੇ ਖੇਤਰ ਵਿਚ ਬਹੁਤ ਮੱਲ੍ਹਾਂ ਮਾਰੀਆਂ ਹਨ ਅਤੇ ਕਈ ਵਿਗਿਆਨਕ ਖੋਜਾਂ ਕੀਤੀਆਂ ਹਨ। ਇਸ ਸੰਦਰਭ ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸਨਮਾਨਤ ਕਰਨ ਲਈ ਦਿੱਲੀ ਵਿਖੇ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ ਸੀ, ਜਿੱਥੇ ਡਾ. ਵਰਿੰਦਰਪਾਲ ਸਿੰਘ ਨੇ ਸਟੇਜ ’ਤੇ ਇਹ ਕਹਿ ਕੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਾਡੇ ਕਿਸਾਨ ਸੜਕਾਂ ’ਤੇ ਬੈਠੇ ਹਨ ਅਤੇ ਉਹ ਬਿੱਲ ਵਾਪਸ ਲੈਣ ਲਈ ਸੰਘਰਸ਼ ਕਰ ਰਹੇ ਹਨ। ਇਸ ਲਈ ਮੈਂ ਇਹ ਸਨਮਾਨ ਨਹੀਂ ਲਵਾਂਗਾ। ਇਸ ਤੋਂ ਬਾਅਦ ਡਾ. ਵਰਿੰਦਰਪਾਲ ਸਿੰਘ ਚਰਚਾ ਵਿਚ ਆ ਗਏ ਸਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਘੇ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਅੱਜਕੱਲ੍ਹ ਕੈਲੀਫੋਰਨੀਆ ਦੌਰੇ ’ਤੇ ਹਨ। ਇਸ ਦੌਰਾਨ ਉਨ੍ਹਾਂ ਦੇ ਸਨਮਾਨ ਵਿਚ ਗੁਲਿੰਦਰ ਗਿੱਲ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿੱਥੇ ਇਲਾਕੇ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਗੁਰਜਤਿੰਦਰ ਸਿੰਘ ਰੰਧਾਵਾ ਨੇ ਡਾ. ਵਰਿੰਦਰਪਾਲ ਸਿੰਘ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਪਰੰਤ ਗੁਲਿੰਦਰ ਗਿੱਲ ਨੇ ਡਾ. ਵਰਿੰਦਰਪਾਲ ਸਿੰਘ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ। ਹੋਰਨਾਂ ਬੁਲਾਰਿਆਂ ਵਿਚ ਚਰਨ ਸਿੰਘ ਜੱਜ, ਡਾ. ਪਰਮਜੀਤ ਰੰਧਾਵਾ ਅਤੇ ਡਾ. ਲਖਵਿੰਦਰ ਰੰਧਾਵਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਡਾ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਨਮਾਨ ਲੈਣ ਮੌਕੇ ਸਟੇਜ ’ਤੇ ਪਹੁੰਚ ਕੇ ਮੇਰੀ ਜ਼ਮੀਰ ਨੇ ਆਗਿਆ ਨਹੀਂ ਦਿੱਤੀ ਕਿ ਮੈਂ ਉਹ ਸਨਮਾਨ ਲੈ ਸਕਾਂ। ਡਾ. ਵਰਿੰਦਰਪਾਲ ਸਿੰਘ ਜਿੱਥੇ ਸਨਮਾਨ ਲੈਣ ਤੋਂ ਇਨਕਾਰ ਕਰਨ ’ਤੇ ਚਰਚਾ ਵਿਚ ਆਏ ਸਨ, ਉਥੇ ਉਹ ਛੋਟੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਆਧਾਰਿਤ ਪੰਜਾਬੀ ਸਿਖਾਉਣ ਦਾ ਉਪਰਾਲਾ ਵੀ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕੈਦੇ ਵੀ ਤਿਆਰ ਕਰਵਾਏ ਹਨ। ਆਈਆਂ ਹੋਈਆਂ ਸ਼ਖਸੀਅਤਾਂ ਨੇ ਡਾ. ਵਰਿੰਦਰਪਾਲ ਸਿੰਘ ਦੇ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ।

Share