ਸਰਕਾਰੀ ਭਾਸ਼ਾ ਪੰਜਾਬੀ ਵਿਹੂਣੀ ਤੇ ਮੰਤਰੀਆਂ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਬਿਨਾਂ ਨੇ ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ: ਡਾ. ਗੁਮਟਾਲਾ

100
ਅੰਮ੍ਰਿਤਸਰ, 27 ਜੁਲਾਈ (ਪੰਜਾਬ ਮੇਲ)- ਸਰਕਾਰੀ ਭਾਸ਼ਾ ਪੰਜਾਬੀ ਵਿਹੂਣੀ ਤੇ ਮੰਤਰੀਆਂ ਦੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਬਿਨਾਂ ਹਨ ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ। ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਅੰਮਿ੍ਰਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਭੇਜੀ ਇਕ ਈਮੇਲ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਸਥਾਨਕ ਸਰਕਾਰ ਵਿਭਾਗ ਪੰਜਾਬ ਦੀ ਵੈਬਸਾਇਟ ਵੇਖੀ ਹੈ, ਜੋ ਕਿ ਅੰਗਰੇਜੀ ਵਿਚ ਹੈ, ਜਦਕਿ ਵੈੱਬਸਾਇਟ ਪੰਜਾਬੀ ਵਿਚ ਵੀ ਦੇਣੀ ਚਾਹੀਦੀ ਹੈ, ਜੋ ਕਿ ਪੰਜਾਬ ਦੀ ਸਰਕਾਰੀ ਭਾਸ਼ਾ ਹੈ। ਪੰਜਾਬੀ ਉਪਰ ਤੇ ਅੰਗਰੇਜ਼ੀ ਥੱਲੇ ਚਾਹੀਦੀ ਹੈ। ਡਾ. ਇੰਦਰਬੀਰ ਸਿੰਘ ਨਿੱਜਰ ਸਥਾਨਕ ਸਰਕਾਰ ਮੰਤਰੀ ਦਾ ਦਫ਼ਤਰ ਕਿੱਥੇ ਹੈ, ਦਾ ਖਾਨਾ ਖਾਲੀ ਹੈ। ਇਸੇ ਤਰ੍ਹਾਂ ਉਨ੍ਹਾਂ ਦਾ ਮੋਬਾਇਲ ਨੰਬਰ ਤੇ ਈ-ਮੇਲ ਤੇ ਫੈਕਸ ਦੇ ਖਾਨੇ ਖਾਲੀ ਹਨ। ਸਾਰੇ ਖਾਨੇ ਭਰੇ ਜਾਣੇ ਚਾਹੀਦੇ ਹਨ।
ਇਹੋ ਹਾਲ ਜੋ ਕਿ ਪੰਜਾਬ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਦਾ ਹੈ। ਟਰਾਂਸਪੋਰਟ ਮੰਤਰੀ ਸ਼੍ਰੀ ਲਾਲ ਜੀਤ ਸਿੰਘ ਭੁੱਲਰ ਦੇ ਵੀ ਸਾਰੇ ਖਾਨੇ ਖਾਲੀ ਹਨ। ਇਸੇ ਤਰ੍ਹਾਂ ਅਫ਼ਸਰਾਂ ਤੇ ਹੋਰ ਕਰਮਚਾਰੀਆਂ ਦੇ ਮੋਬਾਇਲ ਨੰਬਰ ਤੇ ਈ-ਮੇਲ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਹਰ ਕੋਈ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਸਕੇ। ਉਨ੍ਹਾਂ ਨੇ ਸਾਰੇ ਮਹਿਕਮਿਆਂ ਦੀਆਂ ਵੈੱਬਸਾਈਟਾਂ ਠੀਕ ਕਰਨ ਦੀ ਬੇਨਤੀ ਕੀਤੀ ਹੈ।