ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦੇਸ਼ ਵਿਚਲੀਆਂ ਸਰਕਾਰਾਂ ਉਦੋਂ ਤੱਕ ਕੁਝ ਨਹੀਂ ਕਰਦੀਆਂ ਜਦੋਂ ਤੱਕ ਉਹ ਉਨ੍ਹਾਂ ਨੂੰ ਨਿਰਦੇਸ਼ ਨਹੀਂ ਦਿੰਦੇ। ਚੀਫ ਜਸਟਿਸ ਐੱਸ.ਏ. ਬੋਬੜੇ, ਜਸਟਿਸ ਏ.ਐੱਸ. ਬੋਪੰਨਾ ਤੇ ਜਸਟਿਸ ਵੀ ਰਾਮਾਸੁਬਰਾਮਨੀਅਨ ‘ਤੇ ਆਧਾਰਿਤ ਬੈਂਚ ਨੇ ਕਿਹਾ, ‘ਸਾਡਾ ਇਹ ਤਜਰਬਾ ਰਿਹਾ ਹੈ ਕਿ ਸਰਕਾਰਾਂ ਉਦੋਂ ਤੱਕ ਕੁਝ ਨਹੀਂ ਕਰਦੀਆਂ, ਜਦੋਂ ਤੱਕ ਅਸੀਂ ਉਨ੍ਹਾਂ ਨੂੰ ਨਿਰਦੇਸ਼ ਨਹੀਂ ਦਿੰਦੇ। ਇਸੇ ਲਈ ਇਹ ਸਿਸਟਮ ਇੱਥੇ ਹੈ।’ ਸੁਪਰੀਮ ਕੋਰਟ ਵੱਲੋਂ ਇਹ ਟਿੱਪਣੀ ਜਮਾਇਤ ਉਲਾਮਾ-ਏ-ਹਿੰਦ ਵੱਲੋਂ ਦਾਇਰ ਪਟੀਸ਼ਨ ‘ਤੇ ਕੀਤੀ ਗਈ, ਜਿਸ ‘ਚ ਉਨ੍ਹਾਂ ਦੋਸ਼ ਲਾਇਆ ਕਿ ਨਵੀਂ ਦਿੱਲੀ ‘ਚ ਤਬਲੀਗੀ ਜਮਾਤ ਦੀ ਘਟਨਾ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ।