ਸਮਾਜ ਸੇਵੀ ਸੰਸਥਾਵਾਂ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਤੋਂ ਪਹੁੰਚੀਆਂ 125 ਐਂਬੂਲੈਂਸਾਂ

460
Share

ਸੋਨੀਪਤ, 14 ਫਰਵਰੀ (ਪੰਜਾਬ ਮੇਲ)- ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਨੂੰ ਬੈਠਿਆਂ ਦੋ ਮਹੀਨੇ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ। ਸਰਦੀ, ਮੀਂਹ ਤੇ ਹੋਰ ਪਰੇਸ਼ਾਨੀਆਂ ਵਿਚਕਾਰ ਕਿਸਾਨ ਲਗਾਤਾਰ ਬੀਮਾਰੀਆਂ ਦੀ ਲਪੇਟ ’ਚ ਆ ਰਹੇ ਹਨ ਅਤੇ ਹੁਣ ਤੱਕ ਵੱਖ-ਵੱਖ ਕਾਰਣਾਂ ਕਰ ਕੇ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕੁੰਡਲੀ ਬਾਰਡਰ ਧਰਨੇ ’ਤੇ ਵੀ ਹੁਣ ਤੱਕ 19 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਕਿਸਾਨਾਂ ਦੀ ਤਬੀਅਤ ਵਿਗੜਨ ’ਤੇ ਕਿਸਾਨਾਂ ਨੂੰ ਐਂਬੂਲੈਂਸ ਸੱਦਣੀ ਪੈ ਰਹੀ ਸੀ, ਜਿਸ ਵਿਚ ਨਾ ਸਿਰਫ ਸਮੇਂ ਦੀ ਬਰਬਾਦੀ ਹੋ ਰਹੀ ਸੀ, ਸਗੋਂ ਪੈਸਾ ਵੀ ਵੱਧ ਲੱਗ ਰਿਹਾ ਸੀ। ਅਜਿਹੀ ਹਾਲਤ ’ਚ ਕਿਸਾਨ ਮੋਰਚੇ ਦੀ ਮੰਗ ’ਤੇ ਪੰਜਾਬ ਤੋਂ ਸਮਾਜ ਸੇਵੀ ਸੰਸਥਾਵਾਂ ਨੇ 125 ਐਂਬੂਲੈਂਸਾਂ ਧਰਨੇ ਵਾਲੀ ਥਾਂ ’ਤੇ ਭੇਜ ਦਿੱਤੀਆਂ ਹਨ। ਹੁਣ ਕਿਸੇ ਵੀ ਐਮਰਜੈਂਸੀ ਦੀ ਹਾਲਤ ’ਚ ਕਿਸਾਨਾਂ ਦੇ ਬੀਮਾਰ ਹੋਣ ਜਾਂ ਉਨ੍ਹਾਂ ਨੂੰ ਸੱਟ ਲੱਗਣ ’ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲਾਂ ’ਚ ਪਹੁੰਚਾਇਆ ਜਾ ਸਕੇਗਾ। ਖਾਸ ਗੱਲ ਇਹ ਹੈ ਕਿ ਇਨ੍ਹਾਂ ਐਂਬੂਲੈਂਸਾਂ ਦਾ ਖਰਚਾ ਕਿਸਾਨਾਂ ਤੋਂ ਬਿਲਕੁਲ ਵੀ ਵਸੂਲ ਨਹੀਂ ਕੀਤਾ ਜਾਵੇਗਾ, ਸਗੋਂ ਪੰਜਾਬ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਮਿਲ ਕੇ ਖਰਚਾ ਸਹਿਣ ਕਰਨਗੀਆਂ।

Share