ਸਪੋਕੇਨ ਦੇ ਸਿੱਖ ਗੁਰਦੁਆਰਾ ਦੀ ਸੰਗਤ ਵੱਲੋਂ ਕਿਸਾਨਾਂ ਦੇ ਹੱਕ ’ਚ ਰੋਸ਼ ਮੁਜ਼ਾਹਰਾ

451
ਰੋਸ ਮੁਜ਼ਾਹਰੇ ਦੌਰਾਨ ਸਪੋਕੇਨ ਦੀ ਸੰਗਤ।
Share

ਸਿਆਟਲ, 13 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਤੋਂ ਕੁੱਝ ਦੂਰੀ ’ਤੇ ਪੈਂਦੇ ਸ਼ਹਿਰ ਸਪੋਕੇਨ ਵਿਖੇ ਸਿੱਖ ਟੈਂਪਲ ਦੀ ਸੰਗਤ ਵੱਲੋਂ ਭਾਰਤ ਸਰਕਾਰ ਵਿਰੁੱਧ ਤੇ ਕਿਸਾਨਾਂ ਦੇ ਹੱਕ ’ਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕਿਸਾਨਾਂ ਵਿਰੁੱਧ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ‘ਕਿਸਾਨ-ਏਕਤਾ’, ‘ਜੈ ਜਵਾਨ-ਜੈ ਕਿਸਾਨ’ ਦੇ ਨਾਹਰੇ ਲਗਾਏ ਗਏ। ਇਸ ਮੌਕੇ ਬਾਬਾ ਗੁਰਮੀਤ ਸਿੰਘ, ਅਜੀਤ ਸਿੰਘ ਨਾਗਰਾ ਤੇ ਬਲਜੀਤ ਸਿੰਘ ਗਰਚਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਪੋਕੇਨ ਦੀ ਸੰਗਤ ਤਨ, ਮਨ ਤੇ ਧਨ ਨਾਲ ਕਿਸਾਨਾਂ ਦਾ ਸਾਥ ਦੇਣਾ ਚਾਹੁੰਦੀ ਹੈ। ਕੇਂਦਰ ਸਰਕਾਰ ਤਿੰਨੇ ਕਾਨੂੰਨ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣਾ ਚਾਹੁੰਦੀ ਹੈ, ਜਿਸ ਕਰਕੇ ਕਿਸਾਨ ਦਿੱਲੀ ਵਿਖੇ ਜ਼ਬਰਦਸਤ ਅੰਦੋਲਨ ਕਰਕੇ ਤਿੰਨੇ ਕਾਨੂੰਨ ਰੱਦ ਕਰਨ ਲਈ ਅੜੇ ਹੋਏ ਹਨ। ਪੋਹ-ਮਾਘ ਮਹੀਨੇ ਅੱਤ ਦੀ ਠੰਢ ਵਿਚ ਕਿਸਾਨ ਧਰਨਿਆਂ ’ਤੇ ਬੈਠੇ ਹਨ ਅਤੇ 65 ਦੇ ਕਰੀਬ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ। ਸਾਬਕਾ ਫੌਜੀ ਕਰਨਲ ਹਰਦਿਆਲ ਸਿੰਘ ਵਿਰਕ ਨੇ ਦੱਸਿਆ ਕਿ ਭਾਰਤ ਸਰਕਾਰ ਦਾ ਅੜੀਅਲ ਵਤੀਰਾ ਚੰਗਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਨੂੰ ਅੰਨਦਾਤਾ ਮੰਨਿਆ ਗਿਆ ਹੈ। ਸਾਰੇ ਭਾਰਤ ਤੋਂ ਕਿਸਾਨ ਇਕੱਠੇ ਹੋ ਕੇ ਆਪਣੀਆਂ ਜਾਇਜ਼ ਮੰਗਾਂ ਮਨਾਉਣ ਲਈ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ, ਜਿਸ ਨੂੰ ਭਾਰਤ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ ਅਤੇ ਦੇਸ਼ ਦੀ ਏਕਤਾ ਬਣਾਈ ਰੱਖਣੀ ਚਾਹੀਦੀ ਹੈ। ਅਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਸਪੋਕੇਨ ਦੀ ਸੰਗਤ ਆਰਥਿਕ ਤੌਰ ’ਤੇ ਕਿਸਾਨ ਅੰਦੋਲਨ ’ਚ ਮਦਦ ਕਰਨਾ ਚਾਹੁੰਦੀ ਹੈ।

Share