ਸਪੀਕਰ ਨੈਨਸੀ ਪੈਲੋਸੀ ਵਲੋਂ ਟਰੰਪ ਦੀ ਸਥਿਤੀ ਸਬੰਧੀ ਅਮਰੀਕੀ ਫ਼ੌਜ ਦੇ ਜਨਰਲ ਨਾਲ ਗੱਲਬਾਤ

467
Share

ਸਿਆਟਲ, 10 ਜਨਵਰੀ (ਪੰਜਾਬ ਮੇਲ)- ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਆਰਮੀ ਜਨਰਲ ਮਾਰਕ ਮਿਲੀਏ ਨਾਲ ਟਰੰਪ ਵਲੋਂ ਆਪਣੇ ਸਮਰਥਕਾਂ ਨੂੰ ਭੜਕਾ ਕੇ ਕੈਪੀਟਲ ਸੰਸਦ ਭਵਨ ’ਤੇ ਕਰਵਾਏ ਹਮਲੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਨੈਨਸੀ ਨੇ ਫ਼ੌਜ ਮੁਖੀ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਸਥਿਤੀ ਅਜੇ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ ਤੇ ਸਾਨੂੰ ਤੁਰੰਤ ਉਹ ਸਭ ਕੁਝ ਕਰਨਾ ਚਾਹੀਦਾ ਹੈ, ਜੋ ਅਸੀਂ ਆਪਣੇ ਦੇਸ਼ ਅਤੇ ਲੋਕਤੰਤਰ ਉੱਤੇ ਅਮਰੀਕੀ ਲੋਕਾਂ ਦੇ ਅਸੰਤੁਲਿਤ ਹਮਲੇ ਤੋਂ ਬਚਾਉਣ ਲਈ ਕਰ ਸਕਦੇ ਹਾਂ। ਨੈਨਸੀ ਨੇ ਫ਼ੌਜ ਮੁਖੀ ਕੋਲ ਇਹ ਵੀ ਚਿੰਤਾ ਜ਼ਾਹਿਰ ਕੀਤੀ ਕਿ ਰਾਸ਼ਟਰਪਤੀ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਕੋਲ ਕਿਸੇ ਦੂਜੀ ਵੋਟ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੇ ਆਦੇਸ਼ ਦੇਣ ਦਾ ਇਕਲੌਤਾ ਅਧਿਕਾਰ ਵੀ ਹੈ। ਮਾਰਕ ਮਿਲੀਏ ਨੇ ਨੈਨਸੀ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਕਿਹਾ ਕਿ ਅਗਰ ਰਾਸ਼ਟਰਪਤੀ ਪ੍ਰਮਾਣੂ ਹਥਿਆਰਾਂ ਦਾ ਕੋਈ ਗ਼ਲਤ ਆਦੇਸ਼ ਦਿੰਦੇ ਹਨ ਤਾਂ ਅਸੀਂ ਨਾਂਹ ਕਰ ਸਕਦੇ ਹਾਂ, ਇਹ ਅਧਿਕਾਰ ਹੈ। ਨੈਨਸੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਉਹ ਟਰੰਪ ਨੂੰ ਅਹੁਦੇ ਤੋਂ ਲਾਹੁਣ ਲਈ 25ਵੀਂ ਸੋਧ ਦੀ ਵਰਤੋਂ ਕਰਨਗੇ ਪਰ ਅਸੀਂ ਮਾਈਕ ਪੈਂਸ ਤੋਂ ਜਲਦੀ ਹਾਂ-ਪੱਖੀ ਜਵਾਬ ਦੀ ਉਮੀਦ ਕਰਦੇ ਹਾਂ ਕਿਉਂਕਿ ਟਰੰਪ ਬਗ਼ਾਵਤ ’ਤੇ ਉੱਤਰ ਆਏ ਹਨ। ਇਹ ਵੀ ਸੂਚਨਾਵਾਂ ਹਨ ਕਿ ਜੇਕਰ ਉਪ-ਰਾਸ਼ਟਰਪਤੀ ਨੇ ਕੋਈ ਕਾਰਵਾਈ ਨਾ ਕੀਤੀ, ਤਾਂ ਦੋਵੇਂ ਸਦਨਾਂ ਦਾ ਸੈਸ਼ਨ ਬੁਲਾ ਕੇ ਟਰੰਪ ਨੂੰ ਅਹੁਦੇ ਤੋਂ ਉਤਾਰਨ ਲਈ ਵੋਟਿੰਗ ਹੋ ਸਕਦੀ ਹੈ। ਸੂਤਰਾਂ ਅਨੁਸਾਰ ਡੈਮੋਕ੍ਰੇਟਸ ਵਲੋਂ ਟਰੰਪ ਵਿਰੁੱਧ ਮਹਾਂਦੋਸ਼ ਲਾ ਕੇ ਅਹੁਦੇ ਤੋਂ ਹਟਾਉਣ ਦੀ ਯੋਜਨਾ ਬਣਾਈ ਗਈ ਹੈ। ਸਪੀਕਰ ਨੈਨਸੀ ਪੇਲੋਸੀ ਨੇ ਵਿਚਾਰ-ਵਟਾਂਦਰੇ ਉਪਰੰਤ ਮਹਾਂਦੋਸ਼ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਪੀਕਰ ਨੇ ਕਿਹਾ ਹੈ ਕਿ ਮੈਂਬਰਾਂ ਨੂੰ ਆਸ ਹੈ ਕਿ ਰਾਸ਼ਟਰਪਤੀ ਤੁਰੰਤ ਅਸਤੀਫਾ ਦੇ ਦੇਣਗੇ, ਪਰ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੈਂ ਨਿਯਮਾਂ ਸਬੰਧੀ ਕਮੇਟੀ ਨੂੰ ਮਹਾਂਦੋਸ਼ ਮਤਾ ਲਿਆਉਣ ਲਈ ਤਿਆਰੀ ਕਰਨ ਵਾਸਤੇ ਕਹਾਂਗੀ।

Share