ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿਚ ਰੋਗਾਣੂਮੁਕਤੀ ਸਪਰੇਅ ਅਤੇ ਸੈਨੀਟਾਈਜ਼ੇਸ਼ਨ ਮੁਹਿੰਮ ਸਫਲਤਾਪੂਰਵਕ ਚਲਾਈ ਜਾ ਰਹੀ ਹੈ

787

-ਸੂਬੇ ਵਿਚ ਵੱਖ-ਵੱਖ ਥਾਵਾਂ ਤੇ ਲੋਕਾਂ ਵਲੋਂ ਸਫਾਈ ਸੇਵਕਾਂ ਦਾ ਫੁੱਲਾਂ ਦੇ ਹਾਰ ਪਾ ਕੇ ਕੀਤਾ ਜਾ ਰਿਹੈ ਭਰਵਾਂ ਸਵਾਗਤ
-ਵਿਭਾਗ ਵਲੋਂ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਅਤੇ ਪੱਕਿਆ ਹੋਇਆ ਭੋਜਨ ਮੁਹੱਈਆ ਕਰਵਾਉਣ ਵਿਚ ਨਿਭਾਈ ਜਾ ਰਹੀ ਹੈ ਅਹਿਮ ਭੂਮਿਕਾ
ਚੰਡੀਗੜ੍ਹ, 13 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਫੈਲਣ ਕਾਰਨ ਪੈਦਾ ਹੋਈ ਸੰਕਟਕਾਲੀ  ਸਥਿਤੀ ਵਿਚ ਸਥਾਨਕ ਸਰਕਾਰਾਂ ਵਿਭਾਗ ਦੇ ਸਾਰੇ ਵਿੰਗ ਸੂਬੇ ਦੇ ਸਾਰੇ ਸ਼ਹਿਰਾਂ ਵਿਚ ਜ਼ਮੀਨੀ ਪੱਧਰ ‘ਤੇ  ਲੋਕਾਂ ਨੂੰ ਰਾਹਤ ਦੇਣ ਦੇ ਮੱਦੇਨਜ਼ਰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਅਸਾਧਾਰਣ ਸੇਵਾ ਨਿਭਾ ਰਹੇ ਹਨ।
ਇਹ ਪ੍ਰਗਟਾਵਾ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੇ ਹਮਲੇ ਨੇ ਪੂਰੀ ਦੁਨੀਆ ਵਿਚ ਇਕ ਖੜੋਤ ਲਿਆ ਦਿੱਤੀ ਹੈ ਕਿਉਂਕਿ ਵਿਸ਼ਵ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਲਾਬੰਦੀ ਜਾਂ ਕਰਫਿਊ  ਕਾਰਨ ਲਗਾਈ ਗਈ ਪਾਬੰਦੀ ਕਰਕੇ  ਲੋਕ ਆਪਣੇ ਘਰਾਂ ਦੇ ਸੀਮਤ ਦਾਇਰੇ ਅੰਦਰ ਰਹਿਣ ਲਈ ਮਜਬੂਰ ਹਨ।  ਬੁਲਾਰੇ ਨੇ ਦੱਸਿਆ ਕਿ ਅਜਿਹੀ ਮੁਸ਼ਕਲ ਘੜੀ ਵਿੱਚ ਸਥਾਨਕ ਸਰਕਾਰਾਂ ਵਿਭਾਗ 24 ਘੰਟੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਬਣਾਕੇ ਲੋਕਾਂ ਦੀ ਸੇਵਾ ਹਿਤ ਆਪਣੇ ਫਰਜ਼ ਨਿਭਾ ਰਿਹਾ ਹੈ।
ਬੁਲਾਰੇ ਨੇ ਕਿਹਾ ਕਿ ਸਮੇਂ ਦੇ ਇਸ ਜ਼ੋਖਮ ਭਰੇ ਮੋੜ ਤੇ ਵਿਭਾਗ ਦਾ ਮੁੱਖ ਉਦੇਸ਼ ਸ਼ਹਿਰਾਂ ਦੀ ਸਵੱਛਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਵਿਭਾਗ ਦੇ ਕਰਮਚਾਰੀਆਂ ਵਲੋਂ ਸ਼ਹਿਰ ਨੂੰ ਰੋਗਾਣੂ ਮੁਕਤ ਕਰਨ ਲਈ ਸ਼ਹਿਰਾਂ ਵਿੱਚ ਸਪਰੇਅ ਕੀਤੀ ਜਾ ਰਹੀ ਹੈ। ਬਹੁਤੇ ਸ਼ਹਿਰਾਂ ਵਿੱਚ ਕੀਟਾਣੂ ਮੁਕਤੀ ਮੁਹਿੰਮ ਦਾ ਦੂਜਾ ਅਤੇ ਤੀਜਾ ਗੇੜ ਪੂਰਾ ਹੋ ਚੁੱਕਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਵਿਭਾਗ ਦਾ ਦੂਜਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸ਼ਹਿਰਾਂ ਵਿਚ ਕੂੜੇ ਕਰਕਟ ਦੇ ਪ੍ਰਬੰਧਨ ਦਾ ਕੰਮ ਨਿਰਵਿਘਨ ਕੀਤਾ ਜਾਵੇ ਤਾਂ ਜੋ ਸ਼ਹਿਰਾਂ ਵਿਚ ਕੂੜੇ ਦੇ ਢੇਰ ਨਾ ਲੱਗਣ ਜੋ ਕਿਸੇ ਹੋਰ ਬਿਮਾਰੀ ਦੇ ਫੈਲਣ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਅਤੇ ਕੂੜਾ ਚੁੱਕਣ ਦਾ ਕੰਮ ਘਰ ਘਰ ਜਾ ਕੇ ਬਾਕਾਇਦਾ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਦੇ ਸਫ਼ਾਈ ਸੇਵਕ ਪੂਰੇ ਜੋਸ਼ ਅਤੇ ਸੁਹਿਰਦਤਾ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੇ ਹੌਂਸਲੇ ਅਤੇ ਸਮਰਪਣ ਲਈ ਇਸ ਤੋਂ ਵੱਡਾ ਫਲ ਕੀ ਹੋ ਸਕਦਾ ਹੈ ਕਿ ਬਹੁਤੇ ਸ਼ਹਿਰਾਂ ਵਿਚ ਲੋਕਾਂ ਨੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਇਸ ਨਾਜ਼ੁਕ ਸਮੇਂ ਵਿਚ ਉਨ੍ਹਾਂ ਦੀ ਨਿਰਸਵਾਰਥ ਸੇਵਾ ਦੀ ਪ੍ਰਸ਼ੰਸਾ ਕੀਤੀ।
ਬੁਲਾਰੇ ਨੇ ਦੱਸਿਆ ਕਿ ਆਪਣੀਆਂ ਨਿਰਧਾਰਤ ਡਿਊਟੀਆਂ ਤੋਂ ਇਲਾਵਾ ਸਾਰੇ ਰੈਂਕ ਅਧਿਕਾਰੀ ਅਤੇ ਕਰਮਚਾਰੀ ਨਾਗਰਿਕਾਂ ਨੂੰ ਲੋੜੀਂਦੀਆਂ ਵਸਤਾਂ ਦੀ ਸਪਲਾਈ ਕਰਨ ਜੁਟੇ ਹੋਏ ਹਨ । ਇਨ੍ਹਾਂ ਵਸਤਾਂ ਵਿਚ ਸੁੱਕਾ ਰਾਸ਼ਨ, ਮਾਸਕ ਅਤੇ ਬਜ਼ੁਰਗ ਨਾਗਰਿਕ ਨੂੰ ਦਵਾਈਆਂ ਦੀ ਸਪਲਾਈ  ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਲੋੜਵੰਦਾਂ ਲਈ ਸੁੱਕਾ ਰਾਸ਼ਨ ਅਤੇ ਖਾਧ ਪਦਾਰਥਾਂ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਾ ਤਾਲਮੇਲ ਬਣਾਕੇ ਕੰਮ ਕਰ ਰਹੇ ਹਨ।