ਸਖ਼ਤੀ ਤੋਂ ਡਰਨ ਵਾਲੇ ਨਹੀਂ ਕਿਸਾਨ : ਰਾਕੇਸ਼ ਟਿਕੈਤ

394
Share

ਨਵੀਂ ਦਿੱਲੀ, 25 ਜੁਲਾਈ (ਪੰਜਾਬ ਮੇਲ)-  ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਦਿੱਲੀ-ਜੈਪੁਰ ਹਾਈਵੇਅ ਉੱਪਰ ਖੇੜਾ ਹੱਦ ’ਤੇ ਚੱਲ ਰਹੇ ਕਿਸਾਨ ਮੋਰਚੇ ’ਤੇ ਕਿਸਾਨਾਂ ਦਾ ਹੌਸਲਾ ਵਧਾਉਂਦਿਆ ਸਪੱਸ਼ਟ ਕੀਤਾ ਕਿ ਕਿਸਾਨ ਕਿਸੇ ਵੀ ਸਖ਼ਤੀ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅੜੀ ਹੋਈ ਹੈ ਜਿਸ ਕਰਕੇ ਕਿਸਾਨ ਵੀ ਅਗਲੇ 35 ਮਹੀਨੇ ਅੰਦੋਲਨ ਜਾਰੀ ਰੱਖਣਗੇ। ਸ੍ਰੀ ਟਿਕੈਤ ਨੇ ਕਿਹਾ ਕਿ ਸਰਕਾਰ ਹਾਲਤਾਂ ਬਾਰੇ ਗੱਲ ਕਰਨਾ ਚਾਹੁੰਦੀ ਹੈ ਜਦੋਂ ਕਿ ਕਿਸਾਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੋਂ ਬਿਨਾਂ ਕੁੱਝ ਵੀ ਸਵੀਕਾਰ ਨਹੀਂ ਕਰਨਗੇ। ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ’ਤੇ ਸਖ਼ਤੀ ਬਾਰੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਡਰਨ ਵਾਲੇ ਨਹੀਂ ਹਨ। ਕੁੱਝ ਮੋਰਚਿਆਂ ਉੁਪਰ ਇਕੱਠ ਘੱਟ ਹੋਣ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕਿਸਾਨਾਂ ਦੀ ਤਾਕਤ ਦੇਖਣਾ ਚਾਹੇਗੀ ਤਾਂ 5 ਲੱਖ ਟਰੈਕਟਰ ਫਿਰ ਦਿੱਲੀ ਪੁੱਜ ਜਾਣਗੇ। ਟਿਕੈਤ ਨੇ ਗੁਰਨਾਮ ਸਿੰਘ ਚੜੂਨੀ ਨੂੰ ਕੁੱਝ ਸਮੇਂ ਲਈ ਵੱਖ ਕਰਨ ਬਾਰੇ ਕਿਹਾ ਕਿ ਉਹ ਚੋਣਾਂ ਬਾਰੇ ਗੱਲ ਕਰ ਰਹੇ ਸਨ ਪਰ ਮੋਰਚਾ ਚੋਣਾਂ ਲੜਨ ਦੇ ਹੱਕ ਵਿੱਚ ਨਹੀਂ। ਉਹ ਛੇਤੀ ਹੀ ਮੋਰਚੇ ਨਾਲ ਮਿਲ ਜਾਣਗੇ। ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮੱਵਾਲੀ ਆਖਣ ਬਾਰੇ ਟਿਕੈਤ ਨੇ ਕਿਹਾ, ‘ਕਿਸਾਨ ਔਰਤਾਂ ਦੀ ਇੱਜ਼ਤ ਕਰਦੇ ਹਨ ਪਰ ਕੁੱਝ ਲੋਕਾਂ ਵੱਲੋਂ ਅਜਿਹੀ ਭਾਸ਼ਾ ਇਸਤੇਮਾਲ ਕਰਨਾ ਗਲਤ ਹੈ। ਕਿਸਾਨ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਨਗੇ।’ ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ਕੀਤਾ ਸੀ, ‘ਕਿਸਾਨ ਸੰਸਦ ਨੇ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ ਹੈ। ਕਿਸਾਨ ਸੰਸਦ ਵੀ ਚਲਾਉਣਾ ਜਾਣਦੇ ਹਨ ਤੇ ਅਣਦੇਖੀ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਵੀ ਜਾਣਦੇ ਹਨ। ਕੋਈ ਭੁਲੇਖੇ ਵਿੱਚ ਨਾ ਰਹੇ।’


Share