ਸੈਕਰਾਮੈਂਟੋ, 26 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਸ਼ੀਗਨ ਦੇ ਇਕ ਸਕੂਲ ਵਿਚ ਗੋਲੀਆਂ ਚਲਾ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਏਥਾਨ ਕਰੂਮਬਲੇ ਦੇ ਮਾਪਿਆਂ ਵਿਰੁੱਧ ਗੈਰ ਇਰਾਦਾ ਕਤਲ ਦਾ ਮੁਕੱਦਮਾ ਚੱਲੇਗਾ। ਜੱਜ ਨੇ ਸਬੂਤਾਂ ਤੇ ਘਟਨਾਕ੍ਰਮ ਨੂੰ ਧਿਆਨ ਵਿਚ ਰਖਦਿਆਂ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਜੇਕਰ ਸ਼ੱਕੀ ਦੋਸ਼ੀ ਦੇ ਮਾਤਾ ਪਿਤਾ ਜੇਮਜ ਤੇ ਜੈਨੀਫਰ ਕਰੂਮਬਲੇ ਆਪਣੇ ਪੁੱਤਰ ਦਾ ਧਿਆਨ ਰਖਦੇ ਤਾਂ 4 ਹੱਤਿਆਵਾਂ ਨੂੰ ਰੋਕਿਆ ਜਾ ਸਕਦਾ ਸੀ। ਡਿਸਟ੍ਰਿਕਟ ਕੋਰਟ ਜੱਜ ਜੂਲੀ ਏ ਨਿਕਲਸਨ ਨੇ ਕਿਹਾ ਕਿ ਸ਼ੱਕੀ ਦੋਸ਼ੀ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਨੂੰ ਬਿਨਾਂ ਕੁਝ ਸੋਚ ਸਮਝੇ ਗੰਨ ਲੈ ਕੇ ਦਿੱਤੀ ਜੋ ਹੱਤਿਆਵਾਂ ਦਾ ਕਾਰਨ ਬਣੀ। ਇਥੇ ਜਿਕਰਯੋਗ ਹੈ ਕਿ ਪਿਛਲੇ ਸਾਲ 30 ਨਵੰਬਰ ਨੂੰ ਆਕਸਫੋਰਡ ਹਾਈ ਸਕੂਲ ਵਿਚ ਸ਼ੱਕੀ ਦੋਸ਼ੀ ਨੇ ਗੋਲੀਆਂ ਚਲਾ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ ਤੇ ਇਕ ਅਧਿਆਪਕ ਸਮੇਤ 7 ਹੋਰਨਾਂ ਨੂੰ ਜਖਮੀ ਕਰ ਦਿੱਤਾ ਸੀ। 15 ਸਾਲਾ ਸ਼ੱਕੀ ਦੋਸ਼ੀ ਏਥਾਨ ਕਰੂਮਬਲੇ ਬੱਚਿਆਂ ਦੀ ਜੇਲ ਵਿਚ ਬੰਦ ਹੈ।