ਸ਼੍ਰੋਮਣੀ ਕਮੇਟੀ ਵੱਲੋਂ ਭਾਜਪਾ ਬੁਲਾਰੇ ਦੇ ਧਰਮ ਪਰਿਵਰਤਨ ਮਾਮਲੇ ’ਤੇ ਦਿੱਤੇ ਬਿਆਨ ’ਤੇ ਵਿਰੋਧ ਜ਼ਾਹਿਰ

30
Share

ਅੰਮ੍ਰਿਤਸਰ, 2 ਅਗਸਤ (ਪੰਜਾਬ ਮੇਲ)- ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਵੱਲੋਂ ਸਿੱਖ ਧਰਮ ਪਰਿਵਰਤਨ ਮਾਮਲੇ ਵਿਚ ਸ਼੍ਰੋਮਣੀ ਕਮੇਟੀ ’ਤੇ ਨਿਸ਼ਾਨਾ ਸੇਧਦਿਆਂ ਕੀਤੀ ਗਈ ਟਿੱਪਣੀ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਭਾਜਪਾ ਆਗੂ ਨੂੰ ਇਸ ਵਿਵਾਦਤ ਬਿਆਨ ਲਈ ਸਿੱਖ ਸੰਸਥਾ ਕੋਲੋਂ ਮੁਆਫੀ ਮੰਗਣ ਲਈ ਆਖਿਆ ਹੈ। ਭਾਜਪਾ ਦੇ ਬੁਲਾਰੇ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਆਖਿਆ ਸੀ ਕਿ ਜਿਸ ਰਫ਼ਤਾਰ ਨਾਲ ਪੰਜਾਬ ਵਿਚ ਇਸਾਈ ਧਰਮ ਵਧ ਰਿਹਾ ਹੈ, ਜਲਦੀ ਹੀ ਸ਼੍ਰੋਮਣੀ ਕਮੇਟੀ ਖ਼ਤਮ ਹੋ ਜਾਵੇਗੀ ਅਤੇ ਇਹ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਬਣ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਧਰਮ ਪਰਿਵਰਤਨ ਦੇ ਮਾਮਲੇ ਵਿਚ ਭਾਜਪਾ ਆਗੂ ਆਰ.ਪੀ. ਸਿੰਘ ਸੱਚਮੁੱਚ ਸੰਜੀਦਾ ਹਨ, ਤਾਂ ਉਹ ਸ਼੍ਰੋਮਣੀ ਕਮੇਟੀ ਦੇ ਭਾਰਤ ਸਰਕਾਰ ਪਾਸ ਇਸ ਸਬੰਧੀ ਪਏ ਕੇਸ ’ਤੇ ਪਹਿਲ ਦੇ ਆਧਾਰ ’ਤੇ ਕਾਰਵਾਈ ਕਰਵਾਉਣ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦੇ ਮੁੱਦੇ ’ਤੇ ਸਿੱਖ ਸੰਸਥਾ ’ਤੇ ਸਵਾਲ ਖੜ੍ਹੇ ਕਰਨਾ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ।

Share