ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ’ਚ ਗੁਰੂਘਰਾਂ ਦੀ ਨਵੇਂ ਸਿਰੇ ਤੋਂ ਗਿਣਤੀ ਕਰਵਾਉਣ ਦੀ ਮੰਗ

455
Share

ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ’ਚ ਗੁਰਦੁਆਰਿਆਂ ਦੀ ਗਿਣਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਬਾਅਦ ਦੇਸ਼ ’ਚ ਗੁਰੂਘਰਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਲਈ ਨਵੇਂ ਸਿਰੇ ਤੋਂ ਗੁਰਦੁਆਰਿਆਂ ਦੀ ਗਿਣਤੀ ਕਰਵਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਤਿਹਾਸਕ ਗੁਰਦੁਆਰਿਆਂ ਸਮੇਤ 1947 ’ਚ ਭਾਰਤ-ਪਾਕਿ ਵੰਡ ਤੋਂ ਪਹਿਲਾਂ ਅਤੇ ਬਾਅਦ ’ਚ ਬਣੇ ਗੁਰਦੁਆਰਿਆਂ ਦੀ ਤਤਕਾਲ ਨਵੇਂ ਸਿਰੇ ਤੋਂ ਗਿਣਤੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ’ਚ ਕਰੀਬ 250 ਗੁਰਦੁਆਰੇ ਹਨ ਪਰ ਉਥੋਂ ਦੀਆਂ ਸੰਸਥਾਵਾਂ ਤੋਂ ਮਿਲ ਰਹੇ ਵੱਖ-ਵੱਖ ਅੰਕੜੇ ਚਿੰਤਾਜਨਕ ਹਨ। ਉਨ੍ਹਾਂ ਪਾਕਿ ਸਰਕਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਦੇ ਈ.ਟੀ.ਪੀ.ਬੀ. (ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ) ਵਲੋਂ ਪੈਦਾ ਕੀਤੇ ਭਰਮ ਨੂੰ ਦੂਰ ਕਰੇ। ਈ.ਟੀ ਪੀ.ਬੀ. ਦੇ ਬੁਲਾਰੇ ਆਮਿਰ ਹਾਸ਼ਮੀ ਨੇ ਮੀਡੀਆ ਨੂੰ ਕਿਹਾ ਕਿ ਪਾਕਿ ’ਚ 105 ਗੁਰਦੁਆਰੇ ਸਨ, ਜਿਨ੍ਹਾਂ ’ਚੋਂ 18 ਹੀ ਖੁੱਲ੍ਹੇ ਹਨ ਅਤੇ ਬਾਕੀ ਗੁਰੂਘਰ ਕਿਸੇ ਕਾਨੂੰਨੀ ਦਾਅ ਪੇਚ ਜਾਂ ਹੋਰਨਾਂ ਕਾਰਨਾਂ ਕਰਕੇ ਬੰਦ ਹਨ। ਇਸ ਮਾਮਲੇ ਸਬੰਧੀ ਸੂਤਰਾਂ ਦਾ ਕਹਿਣਾ ਹੈ ਕਿ ਈ.ਟੀ ਪੀ.ਬੀ. ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਕੁਝ ਲੋਕਾਂ ਨੇ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ’ਤੇ ਕਬਜ਼ਾ ਕੀਤਾ ਹੋੋਇਆ ਹੈ ਅਤੇ ਇਸ ਸਬੰਧੀ ਮਾਮਲੇ ਅਦਾਲਤਾਂ ’ਚ ਬਕਾਇਆ ਪਏ ਹਨ। ਉਥੇ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਐੱਮ.ਐੱਨ.ਏ. ਵਾਂਕਵਾਨੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ’ਚ 588 ਗੁਰਦੁਆਰੇ ਹਨ। ਈ.ਟੀ ਪੀ.ਬੀ. ਅਤੇ ਪੀ.ਟੀ.ਆਈ. ਦੇ ਵੱਖ-ਵੱਖ ਅੰਕੜਿਆਂ ਨੂੰ ਦੇਖਦੇ ਹੋਏ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਈ.ਟੀ ਪੀ.ਬੀ. ’ਤੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਲਾਹੌਰ ਦੇ ਇਤਿਹਾਸਕਾਰ ਇਕਬਾਲ ਕੈਸਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ’ਚ 135 ਇਤਿਹਾਸਕ ਗੁਰਦੁਆਰੇ ਸਨ, ਜਿਨ੍ਹਾਂ ਦਾ ਸਿੱਧਾ ਸਬੰਧ ਸਿੱਖ ਗੁਰੂਆਂ ਨਾਲ ਹੈ, ਉਥੇ ਗੁਰਦੁਆਰਿਆਂ ਦੀ ਕੁੱਲ ਗਿਣਤੀ 300 ਤੋਂ ਵੱਧ ਹੈ।

Share