ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਿਊਜਰਸੀ ਦੀ ਸੈਨੇਟ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਐਲਾਨਣ ’ਤੇ ਸਵਾਗਤ

240
ਅੰਮਿ੍ਰਤਸਰ, 13 ਜਨਵਰੀ (ਪੰਜਾਬ ਮੇਲ)-1984 ਵਿਚ ਇੱਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਸਿੱਖਾਂ ਖਿਲਾਫ਼ ਹੋਏ ਨਸਲੀ ਹਮਲਿਆਂ ਨੂੰ ਅਮਰੀਕੀ ਸੂਬੇ ਨਿਊਜਰਸੀ ਦੀ ਸੈਨੇਟ ਵੱਲੋਂ ਸਿੱਖ ਨਸਲਕੁਸ਼ੀ ਐਲਾਨਦਿਆਂ ਇਸ ਦੀ ਨਿਖੇਧੀ ਦਾ ਮਤਾ ਪਾਸ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਲਾਘਾ ਕੀਤੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਤੋਂ ਪਹਿਲਾਂ 2015 ’ਚ ਕੈਲੀਫੋਰਨੀਆ ਰਾਜ ਦੇ ਸਦਨ ਅਤੇ 2018 ’ਚ ਪੈਨਸਿਲਵੇਨੀਆ ਸੂਬੇ ਵੱਲੋਂ ਵੀ ਅਜਿਹੇ ਮਤੇ ਪਾਸ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਨਵੰਬਰ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਕਾਂਗਰਸ ਪਾਰਟੀ ਦੀ ਮਨੁੱਖਤਾ ਵਿਰੋਧੀ ਸੋਚ ਸੀ, ਜਿਸ ਨੂੰ ਸਮਾਜ ਵੱਲੋਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਥੇ ਵਿਦੇਸ਼ ਦੀਆਂ ਸਰਕਾਰਾਂ ਸਿੱਖਾਂ ’ਤੇ ਹੋਏ ਇਸ ਵਹਿਸ਼ੀਆਨਾ ਕਾਰੇ ਦੀ ਨਿਖੇਧੀ ਕਰ ਰਹੀਆਂ ਹਨ, ਉਥੇ ਹੀ ਕਾਂਗਰਸ ਪਾਰਟੀ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸੈਨੇਟ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਸਿੱਖ ਸ਼ਖ਼ਸੀਅਤਾਂ ਵੱਲੋਂ ਨਿਭਾਈ ਭੂਮਿਕਾ ਦੀ ਪ੍ਰਸ਼ੰਸਾ ਵੀ ਕੀਤੀ।