ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦਾ ਸਸਕਾਰ

502
Share

-ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀਂ ਹੋਇਆ ਸੀ ਦਿਹਾਂਤ
ਐੱਸ.ਏ.ਐੱਸ. ਨਗਰ (ਮੁਹਾਲੀ), 6 ਅਗਸਤ (ਪੰਜਾਬ ਮੇਲ)- ਉੱਘੇ ਸਿੱਖ ਵਿਦਵਾਨ ਅਤੇ ਪੰਥ ਦਰਦੀ ਹਰਚਰਨ ਸਿੰਘ (75) ਨੂੰ ਅੱਜ ਰਤਵਾੜਾ ਸਾਹਿਬ ਟਰੱਸਟ ਅਤੇ ਹੋਰਨਾਂ ਸਿੱਖ ਆਗੂਆਂ ਨੇ ਅੰਤਿਮ ਵਿਦਾਇਗੀ ਦਿੱਤੀ। ਐਤਵਾਰ ਨੂੰ ਸੈਕਟਰ-25, ਚੰਡੀਗੜ੍ਹ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਕਾਫੀ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਹੇ ਅਤੇ ਮੌਜੂਦਾ ਸਮੇਂ ਵਿਚ ਇੱਥੋਂ ਨਜ਼ਦੀਕੀ ਪਿੰਡ ਰਤਵਾੜਾ ਸਾਹਿਬ (ਨਿਊ ਚੰਡੀਗੜ੍ਹ) ‘ਚ ਰਤਵਾੜਾ ਸਾਹਿਬ ਟਰੱਸਟ ਵੱਲੋਂ ਮਾਨਵਤਾ ਦੀ ਸੇਵਾ ਲਈ ਚਲਾਏ ਜਾ ਰਹੇ ਬਿਰਧ ਆਸ਼ਰਮ ਦੀ ਦੇਖਰੇਖ ਅਤੇ ਨਿਸ਼ਕਾਮ ਸੇਵਾ ਕਰ ਰਹੇ ਸੀ। ਸਸਕਾਰ ਤੋਂ ਪਹਿਲਾਂ ਰਤਵਾੜਾ ਸਾਹਿਬ ਵਿਚ ਸਾਬਕਾ ਮੁੱਖ ਸਕੱਤਰ ਦੀ ਮ੍ਰਿਤਕ ਦੇਹ ਸੰਗਤ ਦੇ ਦਰਸ਼ਨਾਂ ਲਈ ਰੱਖੀ ਗਈ ਸੀ। ਇਸ ਮੌਕੇ ਰਤਵਾੜਾ ਸਾਹਿਬ ਟਰੱਸਟ ਦੇ ਮੁਖੀ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਨੇ ਦੁਸ਼ਾਲਾ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਹਰਚਰਨ ਸਿੰਘ ਸਰੀਰ ਕਰਕੇ ਸਾਡੇ ਵਿਚ ਨਹੀਂ ਰਹੇ ਹਨ, ਪ੍ਰੰਤੂ ਉਨ੍ਹਾਂ ਦਾ ਪੰਥ ਪ੍ਰਤੀ ਦਰਦ, ਸਮਾਜ ਅਤੇ ਕੌਮ ਲਈ ਦਿੱਤੀਆਂ ਸ਼ਲਾਘਾਯੋਗ ਸੇਵਾਵਾਂ ਕਰਕੇ ਉਹ ਹਮੇਸ਼ਾ ਸਾਡੇ ਵਿਚ ਰਹਿਣਗੇ। ਇਸ ਮੌਕੇ ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ, ਸਾਬਕਾ ਮੁੱਖ ਸਕੱਤਰ ਦੇ ਭਰਾ ਕਰਨਲ ਰਜਿੰਦਰ ਸਿੰਘ ਸਮੇਤ ਪਰਿਵਾਰਕ ਮੈਂਬਰ ਅਤੇ ਟਰੱਸਟ ਦੇ ਨੁਮਾਇੰਦੇ ਹਾਜ਼ਰ ਸਨ।


Share