ਸ਼੍ਰੋਮਣੀ ਕਮੇਟੀ ਦੇ ਸਕੂਲਾਂ ’ਚ ਬੱਚਿਆਂ ਦੀ ਸਵੇਰ ਦੀ ਸਭਾ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ ਜਾਵੇਗੀ- ਮੁੱਖ ਸਕੱਤਰ

541
Share

ਅੰਮ੍ਰਿਤਸਰ, 24 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਐਜ਼ੂਕੇਸ਼ਨ ਕਮੇਟੀ ਦੀ ਹੋਈ ਇਕੱਤਰਤਾ ਹੋਈ ਜਿਸ ਵਿਚ ਸਕੂਲਾਂ-ਕਾਲਜਾਂ ਦੇ ਪ੍ਰਬੰਧਾਂ ਦਾ ਮੁਲਾਂਕਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ ਵਿਚ ਬੱਚਿਆਂ ਦੀ ਸਵੇਰ ਦੀ ਸਭਾ ਗੁਰਬਾਣੀ ਦਾ ਸ਼ਬਦ ਗਾਇਨ ਕਰਨ ਉਪਰੰਤ ਅਰਦਾਸ ਕਰਕੇ ਕੀਤੀ ਜਾਵੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਬੱਚਿਆਂ ਨੂੰ ਵਿੱਦਿਆ ਦੇ ਨਾਲ-ਨਾਲ ਧਰਮ ਨਾਲ ਜੋੜਣ ਲਈ ਵੀ ਨਿਰੰਤਰ ਕਾਰਜਸ਼ੀਲ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਧਾਰਮਿਕ ਪ੍ਰੀਖਿਆ ਲੈ ਕੇ ਬੱਚਿਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਹਨ, ਇਸ ਦੇ ਨਾਲ ਹੀ ਬਹੁਤ ਸਾਰੇ ਅੰਮ੍ਰਿਤਧਾਰੀ ਬੱਚਿਆਂ ਦੀਆਂ ਫੀਸਾਂ ਦੀ ਅਦਾਇਗੀ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮਕਸਦ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੇ ਕੇ ਚੰਗੇ ਨਾਗਰਿਕ ਬਣਾਉਣਾ ਹੈ, ਤਾਂ ਜੋ ਇਹ ਬੱਚੇ ਅੱਗੇ ਜਾ ਕੇ ਸਮਾਜ ਦੀ ਬੇਹਤਰੀ ਲਈ ਕਾਰਜ਼ ਕਰ ਸਕਣ। ਉਨ੍ਹਾਂ ਕਿਹਾ ਕਿ ਐਜ਼ੂਕੇਸ਼ਨ ਕਮੇਟੀ ਵਿਚ ਹੋਏ ਫੈਸਲੇ ਅਨੁਸਾਰ ਸਾਰੇ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਰੋਜ਼ ਸਵੇਰੇ ਸਕੂਲ ਦੀ ਸ਼ੁਰੂਆਤ ਗੁਰਬਾਣੀ ਦਾ ਸ਼ਬਦ ਪੜ੍ਹਨ ਉਪਰੰਤ ਅਰਦਾਸ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਗੁਰਮਤਿ ਦ੍ਰਿੜ ਕਰਵਾਉਣ ਲਈ ਹਫ਼ਤੇ ਵਿੱਚ ਇੱਕ ਦਿਨ ਸਕੂਲਾਂ ਅਤੇ ਕਾਲਜਾਂ ਵਿੱਚ ਧਾਰਮਿਕ ਕਲਾਸ ਲਗਾਉਣੀ ਲਾਜ਼ਮੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਵਿੱਦਿਅਕ ਅਦਾਰਿਆਂ ਪਾਸ ਧਾਰਮਿਕ ਅਧਿਆਪਕ ਨਾ ਹੋਵੇ, ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਦੀਆਂ ਸੇਵਾਵਾਂ ਲੈਣ ਲਈ ਧਰਮ ਪ੍ਰਚਾਰ ਕਮੇਟੀ ਨਾਲ ਸੰਪਰਕ ਕਰਨ। ਸ. ਧਾਮੀ ਨੇ ਸਮੂਹ ਸਕੂਲਾਂ ਦੇ ਮੁੱਖੀਆਂ ਨੂੰ ਕਿਹਾ ਕਿ ਉਹ ਆਪੋ-ਆਪਣੇ ਸਕੂਲਾਂ ਅੰਦਰ ਇਸ ਫੈਸਲੇ ਨੂੰ ਤੁਰੰਤ ਲਾਗੂ ਕਰਵਾਉਣ।


Share