ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਬਾਰੇ ਅਜੇ ਕਾਫ਼ੀ ਸਮਾਂ ਲੱਗ ਸਕਦੈ

321
Share

ਚੰਡੀਗੜ੍ਹ, 9 ਅਕਤੂਬਰ (ਪੰਜਾਬ ਮੇਲ)- ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਯੂ.ਟੀ ਚੰਡੀਗੜ੍ਹ ‘ਤੇ ਆਧਾਰਿਤ 185 ਮੈਂਬਰਾਂ ਵਾਲੀ ‘ਐਸ.ਜੀ.ਪੀ.ਸੀ.’ ਦੀ ਆਮ ਚੋਣਾਂ ਕਰਾਉਣ ਲਈ ਗੁਰਦੁਆਰਾ ਚੋਣਾਂ ਸਬੰਧੀ ਚੀਫ਼ ਕਮਿਸ਼ਨਰ ਦੀ ਨਿਯੁਕਤੀ ਕਰਨ ਨਾਲ ਲਗਪਗ ਸਾਰੇ ਉੱਤਰ ਭਾਰਤ ‘ਚ ਚਹਿਲ-ਪਹਿਲ ਦੀ ਸ਼ੁਰੂਆਤ ਹੋ ਗਈ ਹੈ | ਇਸ ਤੋਂ ਪਹਿਲਾਂ ਮੁੱਖ ਗੁਰਦੁਆਰਾ ਚੋਣ ਕਮਿਸ਼ਨ ਨੂੰ ਕਾਨੂੰਨੀ ਤੇ ਸੰਵਿਧਾਨਕ ਤੌਰ ‘ਤੇ ਇਹ ਫ਼ੈਸਲਾ ਕਰਨਾ ਪੈ ਸਕਦਾ ਹੈ ਕਿ ਕੀ 170 ਮੈਂਬਰਾਂ ਦੀ ਚੋਣ ਲਈ ਨਵੀਂ ਹਲਕਾਬੰਦੀ ਕਰਨੀ ਜ਼ਰੂਰੀ ਤੇ ਲਾਜ਼ਮੀ ਹੈ? ਇਸ ਬਾਰੇ ਨੀਤੀ ਦਾ ਫ਼ੈਸਲਾ ਮੋਦੀ ਸਰਕਾਰ ਨੂੰ ਕਰਨਾ ਹੋਵੇਗਾ | ਇਹ ਵੱਖਰੀ ਗੱਲ ਹੈ ਕਿ ‘ਮਿੰਨੀ ਸਿੱਖ ਪਾਰਲੀਮੈਂਟ’ ਦੀ ਚੋਣ ਕਈ ਸਾਲਾਂ ਤੋਂ ਲਟਕਦੀ ਆ ਰਹੀ ਹੈ, ਜਿਸ ਲਈ ਕਈ ਸਿੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਮੰਗ ਕਰਦੀਆਂ ਚਲੀਆਂ ਆ ਰਹੀਆਂ ਹਨ | ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਸਤਪਾਲ ਜੈਨ ਦਾ ਕਹਿਣਾ ਹੈ ਕਿ ਸੇਵਾ ਮੁਕਤ ਜੱਜ ਜਸਟਿਸ ਐਸ.ਐਸ. ਸਾਰੋਂ ਦਾ ਨਾਂਅ ਸੇਵਾ ਮੁਕਤ ਜੱਜਾਂ ਦੇ ਉਸ ਪੈਨਲ ‘ਚ ਸ਼ਾਮਿਲ ਸੀ, ਜਿਸ ‘ਚ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਭੇਜਿਆ ਗਿਆ ਸੀ | ਇਸ ਲਈ ਹੈਰਾਨੀ ਵਾਲੀ ਕੋਈ ਗੱਲ ਨਹੀਂ | ਪਰ ਇਹ ਸੋਚਣ ਵਾਲੀ ਗੱਲ ਜ਼ਰੂਰ ਹੈ ਕਿ ਨਿਯੁਕਤੀ ਉਸ ਸਮੇਂ ਕਿਉਂ ਕੀਤੀ ਗਈ ਜਦੋਂ ਅਕਾਲੀ-ਭਾਜਪਾ ਸਿਆਸੀ ਗੱਠਜੋੜ ਟੁੱਟ ਗਿਆ | ਰਾਸ਼ਟਰੀ ਸਿੱਖ ਸੰਗਤ ਜੋ ਆਰ.ਐਸ.ਐਸ. ਦਾ ਵਿੰਗ ਹੈ, ਦੀ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਲੜਨ ਦੀ ਇੱਛਾ ਹੋ ਸਕਦੀ ਹੈ | ਸ਼ੋ੍ਰਮਣੀ ਕਮੇਟੀ ਦੇ ਹਲਕਿਆਂ ਅਨੁਸਾਰ ਨਵੇਂ ਚੁਣੇ ਜਾਣ ਵਾਲੇ ਹਾਊਸ ‘ਚ 30 ਸਿੱਖ ਬੀਬੀਆਂ ਤੇ 20 ਦਲਿਤ ਸਿੱਖ ਚੋਣ ਲੜ ਕੇ ਆਉਣੇ ਚਾਹੀਦੇ ਹਨ | ਇਨ੍ਹਾਂ ਸੰਭਾਵੀ ਆਮ ਚੋਣਾਂ ਦਾ ਦਿਲਚਸਪ ਪਹਿਲੂ ਇਹ ਹੋਵੇਗਾ ਕਿ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਆਪਣੇ ਵਿਰੋਧੀ ਵੱਖ-ਵੱਖ ਅਕਾਲੀ ਦਲਾਂ ਨਾਲ ਟੱਕਰ ਲੈਣੀ ਪਵੇਗੀ, ਜਿਸ ‘ਚ ਸ਼ੋ੍ਰਮਣੀ ਅਕਾਲੀ ਦਲ ਡੈਮੋਕੇ੍ਰਟਿਕ, ਸ਼ੋ੍ਰਮਣੀ ਅਕਾਲੀ ਦਲ ਟਕਸਾਲੀ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੇ ਕਈ ਹੋਰ ਦਲ ਸ਼ਾਮਿਲ ਹਨ |
170 ਚੁਣਿਆ ਹੋਇਆ ਹਾਊਸ
ਸਬੰਧਿਤ ਐਕਟ ਅਨੁਸਾਰ ਕੁੱਲ ਮਿਲਾ ਕੇ 170 ਮੈਂਬਰ ਚੁਣੇ ਜਾਣਗੇ, ਜਿਨ੍ਹਾਂ ‘ਚ 11 ਹਰਿਆਣਾ, 1 ਹਿਮਾਚਲ, 1 ਚੰਡੀਗੜ੍ਹ ਤੇ ਬਾਕੀ ਪੰਜਾਬ ‘ਚੋਂ ਚੁਣ ਕੇ ਆਉਣਗੇ, 5 ਸਿੰਘ ਸਾਹਿਬਾਨ ਵੀ ਮੈਂਬਰ ਹੋਣਗੇ ਪਰ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ | ਨਵਾਂ ਚੁਣਿਆ ਹੋਇਆ ਹਾਊਸ ਸਾਰੇ ਦੇਸ਼ ‘ਚੋਂ 15 ਮੈਂਬਰਾਂ ਦੀ ‘ਕੋਆਸ਼ਨ’ ਕਰੇਗਾ | ਇਸ ਤਰ੍ਹਾਂ ਕੁੱਲ ਮਿਲਾ ਕੇ 190 ਦਾ ਮੁਕੰਮਲ ਹਾਊਸ ਹੋਏਗਾ |
ਅਜੇ ਮੈਨੂੰ ਨਿਯੁਕਤੀ ਪੱਤਰ ਨਹੀਂ ਮਿਲਿਆ- ਜਸਟਿਸ ਸਾਰੋਂ
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਐਸ.ਐਸ. ਸਾਰੋਂ ਨੇ ਸੰਪਰਕ ਕਰਨ ‘ਤੇ ‘ਅਜੀਤ’ ਨੂੰ ਦੱਸਿਆ ਕਿ ਮੈਨੂੰ ਗੁਰਦੁਆਰਾ ਚੋਣਾਂ ਬਾਰੇ ਚੀਫ਼ ਗੁਰਦੁਆਰਾ ਮੁੱਖ ਕਮਿਸ਼ਨਰ ਦੀ ਨਿਯੁਕਤੀ ਸਬੰਧੀ ਕੇਂਦਰੀ ਗ੍ਰਹਿ ਵਜ਼ਾਰਤ ਵਲੋਂ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲਿਆ, ਇਸ ਲਈ ਮੈਂ ਕੁਝ ਨਹੀਂ ਕਹਿ ਸਕਦਾ, ਮੈਨੂੰ ਕੁਝ ਸਮਾਂ ਦਿਓ |


Share