ਸ਼੍ਰੋਮਣੀ ਕਮੇਟੀ ਦਾ 9 ਅਰਬ 12 ਕਰੋੜ 59 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਪਾਸ

430
Share

ਅੰਮਿ੍ਰਤਸਰ, 31 ਮਾਰਚ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਹੋਏ ਬਜਟ ਇਜਲਾਸ ਦੌਰਾਨ ਸਾਲ 2021-2022 ਲਈ ਸ਼੍ਰੋਮਣੀ ਕਮੇਟੀ ਦਾ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ। ਪਾਸ ਕੀਤੇ ਗਏ ਬਜਟ ਮੁਤਾਬਕ ਅਨੁਮਾਨਤ ਖਰਚਿਆਂ ਦੇ ਮੁਕਾਬਲਤਨ ਸਾਲ 2021-22 ਦੀ ਕੁੱਲ ਆਮਦਨ 8 ਅਰਬ 71 ਕਰੋੜ 93 ਲੱਖ 24 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ। ਇਸ ਤਰ੍ਹਾਂ ਪਾਸ ਕੀਤੇ ਗਏ ਬਜਟ ਅਨੁਸਾਰ ਆਮਦਨ ਨਾਲੋਂ 40 ਕਰੋੜ 66 ਲੱਖ ਰੁਪਏ ਦੇ ਕਰੀਬ ਵੱਧ ਖਰਚਾ ਹੋਣ ਦਾ ਅੰਦਾਜ਼ਾ ਹੈ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸਾਹਿਬਾਨ ਜਿਨ੍ਹਾਂ ਦੀ ਸੇਵਾ ਸੰਭਾਲ ਸੈਕਸ਼ਨ 85 ਤਹਿਤ ਕੀਤੀ ਜਾਂਦੀ ਹੈ, ਤੋਂ ਸਾਲ 2021-22 ਦੌਰਾਨ 6 ਅਰਬ 47 ਕਰੋੜ 25 ਲੱਖ ਰੁਪਏ ਤੋਂ ਆਮਦਨ ਦੀ ਸੰਭਾਵਨਾ ਹੈ, ਜਦਕਿ 6 ਅਰਬ 52 ਕਰੋੜ 37 ਲੱਖ ਰੁਪਏ ਖਰਚਿਆਂ ਦਾ ਅੰਦਾਜ਼ਾ ਹੈ। ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਤੋਂ ਇਸ ਸਾਲ 1 ਅਰਬ 89 ਕਰੋੜ 17 ਲੱਖ ਰੁਪਏ ਦੇ ਕਰੀਬ ਆਮਦਨ ਅਤੇ 2 ਅਰਬ 23 ਕਰੋੜ 18 ਲੱਖ ਰੁਪਏ ਦੇ ਲਗਭਗ ਖਰਚੇ ਹੋਣਗੇ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਬਜਟ ’ਚ ਘਾਟੇ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਫਿਲਹਾਲ 16 ਕਰੋੜ 55 ਲੱਖ ਰੁਪਏ ਦੇ ਕਰੀਬ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਕ ਪ੍ਰੇਮੀ ਵੱਲੋਂ 9 ਕਰੋੜ ਤੋਂ ਵੱਧ ਭੇਟਾ ਸ੍ਰੀ ਦਰਬਾਰ ਸਾਹਿਬ ਦੀ ਗੋਲਕ ’ਚ ਪਾਈ ਗਈ ਹੈ। ਇਸੇ ਤਰ੍ਹਾਂ ਸੋਲਰ ਪਲਾਂਟ ਅਤੇ ਭਾਫ਼ ਵਿਧੀ ਦੁਆਰਾ ਲੰਗਰ ਤਿਆਰ ਕਰਨ ਲਈ ਵੀ ਸੰਗਤਾਂ ਸੇਵਾ ਕਰਵਾ ਰਹੀਆਂ ਹਨ। ਵੱਖ-ਵੱਖ ਹੋਰ ਸੇਵਾਵਾਂ ਲਈ ਵੀ ਸੰਗਤਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਇਆ ਭੇਟਾ ਕਰਨ ਵਾਲੀਆਂ ਸੰਗਤਾਂ ਨੂੰ ਟੈਕਸ ਤੋਂ ਛੋਟ ਮਿਲੇਗੀ। ਉਨ੍ਹਾਂ ਦੱਸਿਆ ਕਿ ਆਰ.ਟੀ.ਆਈ. ਤਹਿਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਹਿਲਾਂ ਤੋਂ ਹੀ 1965 ਵਿਚ ਸ੍ਰੀ ਦਰਬਾਰ ਸਾਹਿਬ ਲਈ ਏ.ਟੀ.ਜੀ. ਮਿਲ ਚੁੱਕੀ ਹੈ। ਇਸ ਤਹਿਤ ਹੁਣ ਸੰਗਤਾਂ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀਆਂ ਹਨ।

Share