ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪੰਜਾਬ ਲੋਕ ਹਿੱਤ ਪਾਰਟੀ ਨਾਲ ਕੀਤਾ ਗਠਜੋੜ

268
Share

ਚੰਡੀਗੜ੍ਹ, 15 ਨਵੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪੰਜਾਬ ਲੋਕ ਹਿੱਤ ਪਾਰਟੀ ਨਾਲ ਗਠਜੋੜ ਕਰ ਲਿਆ ਹੈ। ਇਸ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਢੀਂਡਸਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਗਠਜੋੜ ਕੀਤਾ ਹੈ ਅਤੇ ਉਹ ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਮਲਕੀਤ ਸਿੰਘ ਬੀਰਮੀ ਦਾ ਧੰਨਵਾਦ ਕਰਦੇ ਹਨ। ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ 75 ਸਾਲਾਂ ਤੋਂ ਬੀ.ਸੀ. ਸਮਾਜ ਨੂੰ ਅਣਗੌਲਿਆ ਗਿਆ ਹੈ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਮੀਡੀਆ ਰਿਪੋਰਟਾਂ ਮੁਤਾਬਕ ਚੰਡੀਗੜ੍ਹ ਪੁਲਿਸ ਵਲੋਂ ਖਹਿਰਾ ਨਾਲ ਕੀਤਾ ਗਿਆ ਵਤੀਰਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਿੱਖੀ ਦੇ ਚਿੰਨ੍ਹ ਨੂੰ ਉਤਾਰਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ, ਜਿਸ ਅਧਿਕਾਰੀ ਨੇ ਵੀ ਇਸ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਗਠਜੋੜ ਸੰਬੰਧੀ ਪੁੱਛੇ ਗਏ ਸਵਾਲ ’ਤੇ ਢੀਂਡਸਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਜਾਂ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਕ ਭਰੋਸੇਯੋਗ ਸਰਕਾਰ ਦੇਵਾਂਗੇ।
ਇਸ ਦੌਰਾਨ ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ ਸਾਡਾ ਗਠਜੋੜ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਜਿੱਤ ਹਾਸਲ ਕਰੇਗਾ। ਬੀਰਮੀ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿਚ ਆ ਕੇ ਡਰਾਮੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਗਾਰੰਟੀਆਂ ਦੇ ਰਹੇ ਹਨ ਪਰ ਇਨ੍ਹਾਂ ਨੂੰ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਦਾ ਚਿਹਰਾ ਤਾਂ ਲੱਭ ਨਹੀਂ ਰਿਹਾ। ਉਨ੍ਹਾਂ ਨੇ ਲੋਕਾਂ ਨੂੰ ਗਠਜੋੜ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਡੀ ਸਕਾਰ ਪੰਜਾਬ ਦੀ ਜਨਤਾ ਨੂੰ ਇਕ ਇਮਾਨਦਾਰ ਅਤੇ ਭਰੋਸੇਯੋਗ ਸਰਕਾਰ ਦੇਵੇਗਾ।

Share