ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਅੰਦਰੂਨੀ ਵਿਰੋਧ ਕਾਰਨ ਭਾਜਪਾ ਨਾਲ ਗੱਠਜੋੜ ਦੇ ਆਸਾਰ ਮੱਧਮ¿;

221
Share

– ਗੱਠਜੋੜ ਲਈ ਵਿਚਾਰ ਵਾਸਤੇ ਪਾਰਟੀ ਦੀ ਮੁੜ ਹੋਵੇਗੀ ਮੀਟਿੰਗ : ਢੀਂਡਸਾ
– ਭਾਜਪਾ ਲਈ ਸੂਬੇ ਦਾ ਸਿਆਸੀ ਮਾਹੌਲ ਹਾਲ ਦੀ ਘੜੀ ਸਾਜ਼ਗਾਰ ਨਹੀਂ
ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬਹੁਤੇ ਆਗੂਆਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨਾਲ ਸਾਂਝ ਖਿਲਾਫ਼ ਨਿੱਤਰਨ ਕਾਰਨ ਗੱਠਜੋੜ ਸਬੰਧੀ ਫੈਸਲਾ ਸਿਰੇ ਨਾ ਚੜ੍ਹ ਸਕਿਆ। ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਵਿਵਾਦਤ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਪਰ ਭਾਜਪਾ ਲਈ ਸੂਬੇ ਦਾ ਸਿਆਸੀ ਮਾਹੌਲ ਹਾਲ ਦੀ ਘੜੀ ਸਾਜ਼ਗਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕਾਰਨ ਦਿਹਾਤੀ ਖੇਤਰ ਨਾਲ ਸਬੰਧਤ ਲੋਕਾਂ ਦੇ ਮਨਾਂ ਅੰਦਰ ਭਾਜਪਾ ਪ੍ਰਤੀ ਨਫਰਤ ਭਰੀ ਪਈ ਹੈ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ’ਚ ਭਾਜਪਾ ਨਾਲ ਸਾਂਝ ਪਾਉਣ ਦਾ ਲਾਭ ਸਗੋਂ ਨੁਕਸਾਨ ਹੋ ਸਕਦਾ ਹੈ। ਸ਼੍ਰੀ ਢੀਂਡਸਾ ਨੇ ਆਗੂਆਂ ਵੱਲੋਂ ਰੱਖੇ ਇਨ੍ਹਾਂ ਸੁਝਾਵਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਹੜੀਆਂ ਹਮਖਿਆਲ ਪਾਰਟੀਆਂ ਨਾਲ ਸਾਂਝ ਪਾਈ ਜਾਣੀ ਹੈ, ਇਸ ਸਬੰਧੀ ਵਿਚਾਰ ਚਰਚਾ ਲਈ ਆਉਂਦੇ ਦਿਨਾਂ ’ਚ ਇਕ ਹੋਰ ਮੀਟਿੰਗ ਸੱਦੀ ਜਾਵੇਗੀ। ਉਂਜ ਪਾਰਟੀ ਨੇ ਅਹਿਮ ਫੈਸਲੇ ਲੈਣ ਦਾ ਅਧਿਕਾਰ ਸੁਖਦੇਵ ਸਿੰਘ ਢੀਂਡਸਾ ਨੂੰ ਸੌਂਪ ਦਿੱਤਾ ਹੈ।
ਪਾਰਟੀ ਸੂਤਰਾਂ ਮੁਤਾਬਕ ਅੰਦਰੂਨੀ ਵਿਰੋਧ ਕਾਰਨ ਭਾਜਪਾ ਨਾਲ ਗੱਠਜੋੜ ਦੇ ਆਸਾਰ ਮੱਧਮ ਪੈ ਗਏ ਹਨ। ਭਾਜਪਾ ਦੇ ਰਣਨੀਤੀਘਾੜੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਖਦੇਵ ਸਿੰਘ ਢੀਂਡਸਾ ਦਰਮਿਆਨ ਪਿਛਲੇ ਹਫ਼ਤੇ ਨਵੀਂ ਦਿੱਲੀ ਵਿਚ ਮੁਲਾਕਾਤ ਹੋਈ ਸੀ। ਇਸ ਮੀਟਿੰਗ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਾਰਟੀ ਨਾਲ ਭਾਜਪਾ ਗੱਠਜੋੜ ਕਰੇਗੀ। ਉਧਰ ਕੈਪਟਨ ਅਮਰਿੰਦਰ ਸਿੰਘ ਵੀ ਪਿਛਲੇ ਦੋ ਕੁ ਮਹੀਨਿਆਂ ਤੋਂ ਲਗਾਤਾਰ ਭਾਜਪਾ ਅਤੇ ਢੀਂਡਸਾ ਧੜੇ ਨਾਲ ਸੰਭਾਵੀ ਗੱਠਜੋੜ ਹੋਣ ਦੇ ਐਲਾਨ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਰਣਜੀਤ ਸਿੰਘ ਤਲਵੰਡੀ, ਜਸਟਿਸ (ਸੇਵਾਮੁਕਤ) ਨਿਰਮਲ ਸਿੰਘ ਅਤੇ ਨਿਧੜਕ ਸਿੰਘ ਬਰਾੜ ਆਦਿ ਆਗੂਆਂ ਨੇ ਮੀਟਿੰਗ ਦੌਰਾਨ ਵਿਚਾਰ ਰੱਖਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਵੱਡੀਆਂ ਮੰਗਾਂ ਬਾਰੇ ਅਜੇ ਖਾਮੋਸ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਕੇ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨੂੰ ਸੁੱਖੀ ਸਾਂਦੀਂ ਘਰਾਂ ਨੂੰ ਨਹੀਂ ਭੇਜ ਦਿੰਦੀ, ਉਦੋਂ ਤੱਕ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਸਮੁੱਚੀ ਸਿਆਸੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਗੱਠਜੋੜ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਦੌਰਾਨ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਭਾਜਪਾ ਨਾਲ ਗੱਠਜੋੜ ਨਾ ਕਰਨ ਸਬੰਧੀ ਫੋਨ ’ਤੇ ਸਲਾਹਾਂ ਦਿੱਤੀਆਂ ਗਈਆਂ। ਕਈ ਘੰਟਿਆਂ ਦੀਆਂ ਵਿਚਾਰਾਂ ਤੋਂ ਬਾਅਦ ਇਹੀ ਸਿੱਟਾ ਕੱਢਿਆ ਗਿਆ ਕਿ ‘ਤੇਲ ਦੋਖੇ ਤੇਲ ਦੀ ਧਾਰ ਦੇਖੋ’ ਦੀ ਰਣਨੀਤੀ ’ਤੇ ਚੱਲਿਆ ਜਾਵੇ ਅਤੇ ਜਲਦਬਾਜ਼ੀ ਵਿਚ ਕੋਈ ਫੈਸਲਾ ਨਾ ਲਿਆ ਜਾਵੇ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਭਾਜਪਾ ਨਾਲ ਗੱਠਜੋੜ ਦੇ ਮਾਮਲੇ ਵਿਚ ਤੁਰੰਤ ਕੋਈ ਫੈਸਲਾ ਨਾ ਲਏ ਜਾਣ ਕਾਰਨ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਲਈ ਵੀ ਵੱਡਾ ਝਟਕਾ ਹੈ ਕਿਉਂਕਿ ਗੱਠਜੋੜ ਦੇ ਹੋਂਦ ’ਚ ਆਉਣ ਤੋਂ ਪਹਿਲਾਂ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

Share