ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ

285
ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵਰਕਰਾਂ ਦਾ ਪਿਆਰ ਕਬੂਲਦੇ ਹੋਏ।
Share

-ਸਿਕੰਦਰ ਸਿੰਘ ਮਲੂਕਾ ਵੱਲੋਂ ਰਾਮਪੁਰਾ ਫੂਲ ਤੋਂ ਚੋਣ ਲੜਨ ਤੋਂ ਇਨਕਾਰ
– ਪੁੱਤਰ ਗੁਰਪ੍ਰੀਤ ਮਲੂਕਾ ਨੂੰ ਚੋਣ ਲੜਾਉਣ ਦਾ ਐਲਾਨ
ਬਠਿੰਡਾ, 30 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਲਈ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਸ ਤਹਿਤ ਹਲਕਾ ਰਾਮਪੁਰਾ ਫੂਲ ਤੋਂ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ ਦਿਹਾਤੀ ਤੋਂ ਪ੍ਰਕਾਸ਼ ਸਿੰਘ ਭੱਟੀ ਅਤੇ ਹਲਕਾ ਭੁੱਚੋ ਤੋਂ ਦਰਸ਼ਨ ਸਿੰਘ ਕੋਟਫੱਤਾ ਨੂੰ ਉਮੀਦਵਾਰ ਐਲਾਨਿਆ ਗਿਆ। ਇਹ ਸੂਚੀ ਜਾਰੀ ਹੋਣ ਤੋਂ ਬਾਅਦ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੀ ਟਿਕਟ ਤੋਂ ਨਾਖ਼ੁਸ਼ ਨਜ਼ਰ ਆਏ। ਮਲੂਕਾ ਨੇ ਇਸ ਹਲਕੇ ਤੋਂ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਮਲੂਕਾ ਪਾਰਟੀ ਨੂੰ ਬਾਗੀ ਤੇਵਰ ਦਿਖਾਉਂਦਿਆਂ ਉਲਾਂਭਾ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਹਲਕੇ ਮੌੜ ਤੋਂ ਟਿਕਟ ਮਿਲਦੀ ਤਾਂ ਚੰਗਾ ਹੁੰਦਾ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਉਨ੍ਹਾਂ ਨੂੰ ਮਾਣ ਤੇ ਸਤਿਕਾਰ ਦੇਣ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਹਲਕਾ ਰਾਮਪੁਰਾ ਫੂਲ ਤੋਂ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਚੋਣ ਲੜਨਗੇ ਕਿਉਂਕਿ ਉਹ ਪਿਛਲੇ ਇੱਕ ਸਾਲ ਤੋਂ ਹਲਕੇ ਦੇ ਮੁੱਖ ਸੇਵਾਦਾਰ ਵਜੋਂ ਵਿਚਰ ਰਹੇ ਹਨ। ਗੁਰਪ੍ਰੀਤ ਸਿੰਘ ਮਲੂਕਾ ਨੂੰ ਰਾਮਪੁਰਾ ਹਲਕੇ ’ਚ ਭਾਰੀ ਸਮਰਥਨ ਮਿਲ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿਚ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਤਕਰੀਬਨ 600 ਤੋਂ ਵੱਧ ਪਰਿਵਾਰਾਂ ਨੇ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ। ਉਧਰ ਬਠਿੰਡਾ ਦਿਹਾਤੀ ਅਤੇ ਹਲਕਾ ਭੁੱਚੋ ਤੋਂ ਪੈਰਾਸ਼ੂਟ ਉਮੀਦਵਾਰ ਐਲਾਨੇ ਗਏ ਹਨ, ਜਿਨ੍ਹਾਂ ਵਿਚ ਹਲਕੇ ਬੱਲੂਆਣਾ ਤੋਂ ਲਿਆ ਕੇ ਪ੍ਰਕਾਸ਼ ਸਿੰਘ ਭੱਟੀ ਨੂੰ ਬਠਿੰਡਾ ਦਿਹਾਤੀ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇੰਜ ਹੀ ਦਰਸ਼ਨ ਸਿੰਘ ਕੋਟਫੱਤਾ ਨੂੰ ਉਨ੍ਹਾਂ ਦੇ ਪੁਰਾਣੇ ਹਲਕੇ ਬਠਿੰਡਾ ਦਿਹਾਤੀ ਤੋਂ ਬਦਲ ਕੇ ਭੁੱਚੋ ਹਲਕੇ ਵਿਚ ਚੋਣ ਲੜਨ ਲਈ ਭੇਜਿਆ ਗਿਆ ਹੈ।
ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ : ਮਲੂਕਾ
ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਸਪੱਸ਼ਟ ਕੀਤਾ ਕਿ ਉਹ ਪਿਛਲੇ ਇੱਕ ਸਾਲ ਤੋਂ ਹਲਕਾ ਮੌੜ ਅੰਦਰ ਵਿਚਰ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਹਲਕਾ ਮੌੜ ਤੋਂ ਹੀ ਟਿਕਟ ਦਿੱਤੀ ਜਾਵੇ। ਮਲੂਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰੇ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਹਲਕਾ ਮੌੜ ਦੀ ਬਜਾਏ ਹਲਕਾ ਰਾਮਪੁਰਾ ਫੂਲ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨਣ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਪਾਰਟੀ ਹਾਈਕਮਾਂਡ ਦੇ ਫੈਸਲੇ ਦੇ ਵਿਰੋਧ ’ਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ।

Share