ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ: ਸੀਟਾਂ ਦੀ ਵੰਡ ਨੂੰ ਕਾਣੀ ਵੰਡ ਵਜੋਂ ਦੇਖਣ ਲੱਗੇ ਬਸਪਾ ਵਰਕਰ!

133
Share

ਫਿਲੌਰ, ਆਦਮਪੁਰ, ਬਲਾਚੌਰ ਤੇ ਬੰਗਾ ਸੀਟਾਂ ਦੇਣ ਦੀ ਮੰਗ
ਜਲੰਧਰ, 14 ਜੂਨ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਸਿਆਸੀ ਗੱਠਜੋੜ ਕਰਨ ’ਚ ਪਹਿਲਕਦਮੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਕੀ ਰਾਜਸੀ ਧਿਰਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਇਸ ਗੱਠਜੋੜ ਤੋਂ ਤਾਂ ਬਸਪਾ ਵਰਕਰ ਬਾਗੋ-ਬਾਗ ਹਨ ਪਰ 20 ਸੀਟਾਂ ਦੇਣ ਨੂੰ ਉਹ ‘ਕਾਣੀ ਵੰਡ’ ਵਜੋਂ ਦੇਖਣ ਲੱਗੇ ਹਨ। ਬਸਪਾ ਵਰਕਰਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਹਿੱਸੇ ਆਈਆਂ ਸੀਟਾਂ ’ਚੋਂ ਕਰਤਾਰਪੁਰ, ਫਗਵਾੜਾ ਤੇ ਨਵਾਂ ਸ਼ਹਿਰ ਤਾਂ ਮਜ਼ਬੂਤ ਆਧਾਰ ਵਾਲੀਆਂ ਹਨ ਪਰ ਬਾਕੀ ਦੀਆਂ 17 ਸੀਟਾਂ ’ਤੇ ਅਕਾਲੀ ਦਲ ਵੀ ਬਸਪਾ ਉਮੀਦਵਾਰ ਨੂੰ ਜਿੱਤਣ ਦੀ ਸਥਿਤੀ ਵਿਚ ਨਹੀਂ ਲੈ ਕੇ ਜਾ ਸਕਦਾ। ਆਉਣ ਵਾਲੇ ਦਿਨਾਂ ਵਿਚ ਨਾਰਾਜ਼ ਬਸਪਾ ਵਰਕਰ ਆਦਮਪੁਰ, ਸ਼ਾਮਚੌਰਾਸੀ, ਬੰਗਾ, ਗੜ੍ਹਸ਼ੰਕਰ ਅਤੇ ਚੱਬੇਵਾਲ ਹਲਕਿਆਂ ਵਿਚ ਮੀਟਿੰਗਾਂ ਕਰਨਗੇ। ਫਿਲੌਰ ਵਿਚ ਪਹਿਲੀ ਮੀਟਿੰਗ ਕਰ ਕੇ ਬਸਪਾ ਵਰਕਰਾਂ ਨੇ ਸੀਟਾਂ ਦੀ ਵੰਡ ਸਬੰਧੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਹੈ। ਵਰਕਰਾਂ ਨੇ ਬਸਪਾ ਹਾਈਕਮਾਂਡ ਨਾਲ ਸੀਟਾਂ ’ਤੇ ਪੁਨਰ ਵਿਚਾਰ ਕਰਨ ਲਈ ਸੀਨੀਅਰ ਆਗੂਆਂ ਨੂੰ ਨਾਮਜ਼ਦ ਕੀਤਾ ਹੈ।
ਸਾਲ 2014 ਵਿਚ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਬਸਪਾ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕੋਟਲੀ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਬਸਪਾ ਵਰਕਰ ਸਮਝੌਤੇ ਦੀ ਉਡੀਕ ਵਿਚ ਸਨ ਕਿ ਪਾਰਟੀ ਸੱਤਾ ਵਿਚ ਭਾਈਵਾਲ ਬਣ ਕੇ ਦਲਿਤ ਭਾਈਚਾਰੇ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੇਗੀ ਪਰ ਜਿਹੜੀਆਂ ਸੀਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ’ਚੋਂ ਤਿੰਨ ਸੀਟਾਂ ਨੂੰ ਛੱਡ ਕੇ ਬਾਕੀ ਸੀਟਾਂ ’ਤੇ ਪਾਰਟੀ ਦਾ ਆਪਣਾ ਆਧਾਰ ਵੀ ਬਹੁਤਾ ਮਜ਼ਬੂਤ ਨਹੀਂ। ਉਨ੍ਹਾਂ ਦੱਸਿਆ ਕਿ ਪਾਇਲ ਹਲਕਾ ਬਸਪਾ ਦੇ ਹਿੱਸੇ ਆਇਆ ਹੈ ਪਰ ਪਾਰਟੀ ਨੂੰ 2017 ਦੀਆਂ ਚੋਣਾਂ ਦੌਰਾਨ ਉਥੋਂ ਸਿਰਫ 618 ਵੋਟਾਂ ਹੀ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਵੀ ਉਥੋਂ ਜੇਤੂ ਸਥਿਤੀ ਵਿਚ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਦੋ ਵਾਰ ਸੱਤਾ ’ਚ ਲਿਆਉਣ ਵਿਚ ਦੋਆਬੇ ਨੇ ਵੱਡੀ ਭੂਮਿਕਾ ਨਿਭਾਈ ਸੀ। ਇਸ ਖਿੱਤੇ ਵਿਚ ਹੀ ਬਹੁਜਨ ਸਮਾਜ ਪਾਰਟੀ ਦਾ ਸਮੁੱਚੇ ਪੰਜਾਬ ਨਾਲੋਂ ਸਭ ਤੋਂ ਵੱਧ ਆਧਾਰ ਹੈ।
ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਮ ਸਰੂਪ ਸਰੋਆ ਨੇ ਕਿਹਾ ਕਿ ਇਹ ਸਮਝੌਤਾ ਸਵਾਗਤਯੋਗ ਹੈ ਪਰ ਪਠਾਨਕੋਟ ਸੀਟ ਬਸਪਾ ਦੇ ਹਿੱਸੇ ਆਈ ਹੈ। ਉਥੋਂ ਪਿਛਲੀਆਂ ਚੋਣਾਂ ਵਿਚ ਪਾਰਟੀ ਨੂੰ ਸਿਰਫ 470 ਵੋਟਾਂ ਮਿਲੀਆਂ ਸਨ। ਭਾਜਪਾ ਦਾ ਉਮੀਦਵਾਰ ਇਥੋਂ 45,213 ਵੋਟਾਂ ਲੈ ਗਿਆ ਸੀ। ਉਨ੍ਹਾਂ ਫਿਲੌਰ, ਆਦਮਪੁਰ, ਬਲਾਚੌਰ ਅਤੇ ਬੰਗਾ ਸੀਟਾਂ ਬਸਪਾ ਨੂੰ ਦੇਣ ਦੀ ਮੰਗ ਕੀਤੀ।

Share