ਨਵੀਂ ਦਿੱਲੀ, 24 ਅਗਸਤ (ਪੰਜਾਬ ਮੇਲ)- ਅਫਗਾਨਿਸਤਾਨ ਤੋਂ 25 ਭਾਰਤੀਆਂ ਸਮੇਤ 78 ਨਾਗਰਿਕ ਦੇਸ਼ ਆ ਚੁੱਕੇ ਹਨ। ਉਨ੍ਹਾਂ ਦੇ ਨਾਲ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਭਾਰਤ ਲਿਆਂਦੇ ਗਏ ਹਨ। ਕੇਂਦਰੀ ਮੰਤਰੀ ਹਰਪੀਦ ਪੁਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਿਸੀਵ ਕਰਨ ਲਈ ਦਿੱਲੀ ਏਅਰਪੋਰਟ ਪਹੁੰਚੇ। ਹਰਦੀਪ ਪੁਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੱਤਰੀਆਂ ਨੂੰ ਆਪਣੇ ਸਿਰ ‘ਤੇ ਰੱਖ ਕੇ ਏਅਰਪੋਰਟ ਤੋਂ ਬਾਹਰ ਲਿਆਏ। ਦਿੱਲੀ ਏਅਰਪੋਰਟ ‘ਤੇ ਸੁਆਗਤ ਦੀ ਤਿਆਰੀ ਕੀਤੀ ਗਈ। ਵੱਡੀ ਸੰਖਿਆਂ ‘ਚ ਲੋਕ ਹੱਥਾਂ ‘ਚ ਝੰਡੇ, ਬੈਨਰ ਤੇ ਪੋਸਟਰ ਲੈਕੇ ਅਫਗਾਨਿਸਤਾਨ ਤੋਂ ਪਰਤੇ ਲੋਕਾਂ ਦਾ ਸੁਆਗਤ ਕਰਨ ਪਹੁੰਚੇ ਹਨ। ਇਨ੍ਹਾਂ ‘ਚ ਵੱਡੀ ਸੰਖਿਆ ‘ਚ ਭਾਰਤੀ ਜਨਤਾ ਪਾਰਟੀ ਦੇ ਲੋਕ ਸ਼ਾਮਲ ਹਨ। ਅਫਗਾਨਿਸਤਾਨ ਤੋਂ ਆਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਦੇ ਨਿਊ ਮਹਾਵੀਰ ਨਗਰ ਗੁਰਦੁਆਰੇ ‘ਚ ਰੱਖੇ ਜਾਣਗੇ। ਏਅਰਪੋਰਟ ਪਹੁੰਚੇ ਹਰਦੀਪ ਪੁਰੀ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦਾ ਹਾਂ, ਜਿੰਨ੍ਹਾਂ ਦੀ ਵਜ੍ਹਾ ਨਾਲ ਸਾਡੇ ਭਰਾਵਾਂ ਨੂੰ ਅਫਗਾਨਿਸਤਾਨ ਤੋਂ ਲਿਆਉਣ ਲਈ ਬਚਾਅ ਕਾਰਜਾਂ ਨੂੰ ਅੰਜਾਮ ਦੇਣਾ ਸੰਭਵ ਹੋਇਆ। ਬਾਕੀ ਲੋਕਾਂ ਲਈ ਵੀ ਵਿਵਸਥਾ ਕੀਤੀ ਜਾ ਰਹੀ ਹੈ। ਅਸੀਂ ਉਨ੍ਹਾਂ ਦੇ ਲਗਾਤਾਰ ਸੰਪਰਕ ‘ਚ ਹਾਂ। ਇਸ ਲਈ ਵਿਦੇਸ਼ ਮੰਤਰਾਲੇ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ।’ ਅੱਜ ਦੁਸ਼ਾਂਭੇ ਤੋਂ ਏਅਰ ਇੰਡੀਆ ਜਹਾਜ਼ ਜ਼ਰੀਏ ਕੁਝ ਹੋਰ ਭਾਰਤੀਆਂ ਨੂੰ ਦਿੱਲੀ ਲਿਆਂਦਾ ਗਿਆ ਹੈ। ਕੱਲ੍ਹ ਇਨ੍ਹਾਂ ਭਾਰਤੀਆਂ ਨੂੰ ਕਾਬੁਲ ਤੋਂ ਦੁਸ਼ਾਂਭੇ ਪਹੁੰਚਾਇਆ ਗਿਆ ਸੀ। ਦੁਸ਼ਾਂਭੇ ਤੋਂ ਭਾਰਤੀਆਂ ਦੇ ਨਾਲ ਅਫਗਾਨ ਸਿੱਖ ਤੇ ਹਿੰਦੂ ਪਰਿਵਾਰ ਵੀ ਭਾਰਤ ਆ ਰਹੇ ਹਨ। ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਲਗਾਤਾਰ ਖਰਾਬ ਹੋ ਰਹੇ ਹਾਲਾਤ ਦੇ ਵਿਚ ਭਾਰਤ ਸਰਕਾਰ ਰੈਸੀਕਿਊ ਆਪ੍ਰੇਸ਼ਨ ਮਿਸ਼ਨ ਕਾਬੁਲ ਜ਼ਰੀਏ ਲਗਾਤਾਰ ਹਿੰਦੁਸਤਾਨੀਆਂ ਨੂੰ ਸੁਰੱਖਿਅਤ ਕੱਢਿਆ ਜਾ ਰਿਹਾ ਹੈ। ਭਾਰਤ ਸਰਕਾਰ ਆਪਣੇ ਨਾਗਰਿਕਾਂ ਤੋਂ ਇਲਾਵਾ ਅਫਗਾਨੀ ਸਿੱਖ ਤੇ ਹਿੰਦੂਆਂ ਨੂੰ ਵੀ ਵਾਪਸ ਲਿਆ ਰਹੀ ਹੈ। ਅਫਗਾਨਿਸਤਾਨ ‘ਚ ਹਾਲਾਤ ਦਿਨ ਬ ਦਿਨ ਕਿੰਨੇ ਬਦਤਰ ਹੁੰਦੇ ਜਾ ਰਹੇ ਹਨ ਉਸ ਦੀ ਖੌਫਨਾਕ ਤਸਵੀਰ ਅਫਗਾਨਿਸਤਾਨ ਤੋਂ ਰੈਸੀਕਿਊ ਕੀਤੇ ਜਾ ਰਹੇ ਲੋਕਾਂ ਦੀਆਂ ਅੱਖਾਂ ‘ਚੋਂ ਸਾਫ ਦਿਖ ਰਿਹਾ ਹੈ।