ਕੋਲੰਬੋ, 23 ਜਨਵਰੀ (ਪੰਜਾਬ ਮੇਲ)-ਸ਼੍ਰੀਲੰਕਾ ਨੂੰ ਅਗਲੇ ਹਫਤੇ ਭਾਰਤ ਤੋਂ ਮੁਫਤ ’ਚ ਕੋਵਿਡ-19 ਟੀਕਾ ਪ੍ਰਾਪਤ ਹੋਵੇਗਾ, ਰਾਸ਼ਟਰਪਤੀ ਗੋਟਬਾਇਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਦੇਸ਼ ਨੇ ਆਕਸਫੋਰਡ ਐਕਸਟਰਾਜੇਨੇਕਾ ਦੇ ਟੀਕੇ ‘ਕੋਵਿਡਸ਼ੀਲਡ’ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਕੋਲੰਬੋ ਦੇ ਦੱਖਣ ’ਚ ਸਥਿਤ ਵਾਲਾਲਾੱਵਿਤਾ ’ਚ ਰਾਸ਼ਟਰਪਤੀ ਦੀ ਮੋਬਾਇਲ ਸੇਵਾ ਨੂੰ ਸੰਬੋਧਿਤ ਕਰਦੇ ਹੋਏ ਗੋਟਬਾਇਆ ਨੇ ਅੱਜ ਸਵੇਰੇ ਕਿਹਾ ਕਿ ਸਾਨੂੰ ਭਾਰਤ ਤੋਂ ਟੀਕਿਆਂ ਦੀ ਮੁਫਤ ਖੇਪ ਪ੍ਰਾਪਤ ਕਰਨ ਲਈ ਇਸ ਮਹੀਨੇ ਦੀ 27 ਤਾਰੀਖ ਤੋਂ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਮੋਹਰੀ ਮੋਰਚਿਆਂ ’ਤੇ ਕੰਮ ਕਰ ਰਹੇ ਸਿਹਤ ਮੁਲਾਜ਼ਮਾਂ, ਫੌਜ, ਪੁਲਿਸ ਅਤੇ ਬਜ਼ੁਰਗਾਂ ਨੂੰ ਟੀਕਾਕਰਣ ’ਚ ਪਹਿਲ ਦਿੱਤੀ ਜਾਵੇਗੀ। ਉੱਥੇ ਡਾਕਟਰਾਂ ਵੱਲੋਂ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਕੋਵਿਡ-19 ਵਿਰੁੱਧ ਮੋਹਰੀ ਮੋਰਚਿਆਂ ’ਤੇ ਕੰਮ ਕਰ ਰਹੇ ਸਿਹਤ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਟੀਕਾ ਲਾਇਆ ਜਾਣਾ ਚਾਹੀਦਾ। ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਰੂਸ ਅਤੇ ਚੀਨ ਤੋਂ ਵੀ ਕੋਵਿਡ-19 ਟੀਕਾ ਖਰੀਦਾਂਗੇ।
ਰਾਸ਼ਰਟਪਤੀ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦ ਸਿਹਤ ਅਧਿਕਾਰੀਆਂ ਨੇ ਟੀਕਾਕਰਣ ਪ੍ਰਕਿਰਿਆ ਲਈ ਤਿੰਨ ਦਿਨੀਂ ਪ੍ਰੀਖਣ ਕੀਤਾ। ਭਾਰਤ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਸ਼੍ਰੀਲੰਕਾ ਅਤੇ ਅੱਠ ਹੋਰ ਦੇਸ਼ਾਂ-ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ, ਸੈਸ਼ਲਸ, ਅਫਗਾਨਿਸਤਾਨ ਅਤੇ ਮਾਰੀਸ਼ਸ ਨੂੰ ਗ੍ਰਾਂਟ ਸਹਾਇਤਾ ਤਹਿਤ ਕੋਵਿਡ-19 ਟੀਕੇ ਭੇਜੇਗਾ। ਆਕਸਫੋਰਡ-ਐਸਟਰਾਜੇਨੇਕਾ ਦੇ ਕੋਵਿਡਸ਼ੀਲਡ ਦਾ ਉਤਪਾਦਨ ਜਿਥੇ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ, ਉੱਥੇ ‘ਕੋਵੈਕਸੀਨ’ ਦਾ ਉਤਪਾਦਨ ਭਾਰਤ ਬਾਇਓਨਟੈੱਕ ਵੱਲੋਂ ਕੀਤਾ ਜਾ ਰਿਹਾ ਹੈ।