ਸ਼ੇਰ-ਏ-ਪੰਜਾਬ ਵਿਕਾਸ ਪਾਰਟੀ ਵੱਲੋਂ ਪਟਿਆਲਾ ਵਿਖੇ ਹੋਈ ਵਿਸ਼ੇਸ਼ ਇਕੱਤਰਤਾ

598
Share

ਪਟਿਆਲਾ, 15 ਜੁਲਾਈ (ਪੰਜਾਬ ਮੇਲ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ‘ਤੇ ਸ਼ੇਰ-ਏ-ਪੰਜਾਬ ਵਿਕਾਸ ਪਾਰਟੀ ਦੀ ਸਥਾਪਨਾ ਪ੍ਰੈੱਸ ਕਲੱਬ, ਚੰਡੀਗੜ੍ਹ ਵਿਖੇ ਕੀਤੀ ਗਈ, ਜਿਸ ਵਿਚ ਸਰਬ ਸੰਮਤੀ ਨਾਲ ਕੈਪਟਨ ਚੰਨਣ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਪਾਰਟੀ ਨੇ ਆਪਣੀਆਂ ਅਗਲੀਆਂ ਗਤੀਵਿਧੀਆਂ ਬਹੁਤ ਜ਼ੋਰ-ਸ਼ੋਰ ਨਾਲ ਆਰੰਭ ਕਰ ਦਿੱਤੀਆਂ ਹਨ। ਬੀਤੀ 13 ਜੁਲਾਈ ਨੂੰ ਪਟਿਆਲਾ ਵਿਖੇ ਕੁੱਝ ਪਤਵੰਤੇ ਸਮਾਜ ਸੁਧਾਰਕਾਂ, ਨੀਤੀਵਾਨਾਂ ਅਤੇ ਵਿਦਵਾਨਾਂ ਨੇ ਪੰਜਾਬ ਦੀ ਆਰਥਿਕਤਾ ਡਾਵਾਂਡੋਲ ਹੁੰਦੀ ਵੇਖ ਕੇ ਬਹੁਤ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਇਕੱਤਰਤਾ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਰਟੀ ਪ੍ਰਧਾਨ ਕੈਪਟਨ ਚੰਨ੍ਹ ਸਿੰਘ ਸਿੱਧੂ ਨੇ ਐਡਵੋਕੇਟ ਬਲਜੀਤ ਸਿੰਘ ਸੰਧੂ ਨੂੰ ਜ਼ੋਨਲ ਪ੍ਰਧਾਨ ਨਿਯੁਕਤ ਕੀਤਾ, ਜੋ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਜ਼ਿਲ੍ਹਿਆਂ ਦੀਆਂ ਰਾਜਨੀਤਿਕ ਗਤੀਵਿਧੀਆਂ ਤੇਜ਼ ਕਰਨਗੇ ਤੇ ਪਾਰਟੀ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਲੋਕਤੰਤਰ ਰਾਜ ਸਥਾਪਤ ਕਰਨ ਲਈ ਰਾਜ ਦੀ ਜਨਤਾ ਨੂੰ ਲਾਮਬੰਦ ਕਰਨਗੇ। ਐਡਵੋਕੇਟ ਬਲਜੀਤ ਸਿੰਘ ਸੰਧੂ ਨੇ ਹਾਜ਼ਰ ਮੈਂਬਰਾਂ ਸਾਹਮਣੇ ਐਲਾਨ ਕੀਤਾ ਕਿ ਉਹ ਪੰਜਾਬ ਦੀ ਚੰਗੀ ਆਰਥਿਕਤਾ ਲਈ ਅਤੇ ਪੰਜਾਬ ਵਿਚ ਇਕ ਕੁਸ਼ਲ ਰਾਜ ਪ੍ਰਬੰਧ ਲਿਆਉਣ ਲਈ ਹਮੇਸ਼ਾ ਆਪਣੇ ਤਨੋਂ, ਮਨੋਂ ਕੰਮ ਕਰਦੇ ਰਹਿਣਗੇ।


Share