ਸ਼ੀਤ ਲਹਿਰ ’ਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ

706

ਨਵੀਂ ਦਿੱਲੀ, 20 ਦਸੰਬਰ (ਪੰਜਾਬ ਮੇਲ)- ਦਿੱਲੀ ਸ਼ੀਤ ਲਹਿਰ ਦੀ ਲਪੇਟ ’ਚ ਹੈ, ਇਸ ਦੇ ਬਾਵਜੂਦ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਵਿਰੋਧ ਕਰ ਰਹੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਸ਼ਹਿਰ ਵਿਚ ਐਤਵਾਰ ਯਾਨੀ ਕਿ ਅੱਜ ਪਾਰ 3.4 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਇਸ ਮੌਸਮ ਵਿਚ ਹੁਣ ਤੱਕ ਦਾ ਘੱਟੋ-ਘੱਟ ਤਾਪਮਾਨ ਹੈ। ਭਾਰਤ ਮੌਸਮ ਵਿਗਿਆਨ ਮਹਿਕਮੇ (ਆਈ. ਐੱਮ. ਡੀ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਐਤਵਾਰ ਸਵੇਰੇ ਘੱਟੋ-ਘੱਟ ਤਾਪਮਾਨ ਆਮ ਤੋਂ 5 ਡਿਗਰੀ ਹੇਠਾਂ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਸੰਭਾਵਨਾ ਹੈ। ਇੰਨੀ ਠੰਡ ’ਚ ਡਟੇ ਕਿਸਾਨਾਂ ਦਾ ਹੌਂਸਲਾ ਬੁਲੰਦ ਹੈ ਕਿ ਆਖ਼ਰਕਾਰ ਸੰਘਰਸ਼ ਇਕ ਦਿਨ ਜ਼ਰੂਰ ਰੰਗ ਲਿਆਵੇਗਾ।  ਕਿਸਾਨ ਅੰਦੋਲਨ ਸ਼ੁਰੂ ਹੋਏ 4 ਹਫ਼ਤੇ ਹੋ ਚੁੱਕੇ ਹਨ ਅਤੇ ਇਸ ਕਾਰਨ ਸਰਹੱਦਾਂ ’ਤੇ ਕਈ ਥਾਵਾਂ ’ਤੇ ਆਵਾਜਾਈ ਦਾ ਮਾਰਗ ਬਦਲਿਆ ਗਿਆ ਹੈ, ਜਿਸ ਵਜ੍ਹਾ ਨਾਲ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਅੰਦੋਲਨ ਜਦੋਂ ਤੋਂ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਦਿੱਲੀ ਟ੍ਰੈਫਿਕ ਪੁਲਸ ਲਗਾਤਾਰ ਟਵੀਟ ਕਰ ਕੇ ਸੜਕਾਂ ਬੰਦ ਹੋਣ ਅਤੇ ਬਦਲਵੇਂ ਮਾਰਗ ਨਾਲ ਜੁੜੀਆਂ ਜਾਣਕਾਰੀ ਯਾਤਰੀਆਂ ਨੂੰ ਦੇ ਰਹੀ ਹੈ। ਦਿੱਲੀ ਟੈ੍ਰਫਿਕ ਪੁਲਸ ਨੇ ਐਤਵਾਰ ਨੂੰ ਟਵਿੱਟਰ ਜ਼ਰੀਏ ਦੱਸਿਆ ਕਿ ਟਿਕਰੀ ਅਤੇ ਧੰਸਾ ਸਰਹੱਦ ਆਵਾਜਾਈ ਲਈ ਬੰਦ ਹਨ ਅਤੇ ਝਟੀਕਾਰਾ ਸਰਹੱਦ ਸਿਰਫ ਦੋ-ਪਹੀਆ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਖੁੱਲ੍ਹੀਆਂ ਹਨ।